ਪਠਾਨਕੋਟ, 10 ਜੂਨ (ਸੁਮਿਤ)-ਸ਼ਹਿਰ 'ਚ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਦੀ ਪਹਿਚਾਣ ਸਾਜਨ ਕੁਮਾਰ ਵਜੋਂ ਹੋਈ ਹੈ, ਜੋ ਇਕ ਨਿੱਜੀ ਲੈਬਾਰਟਰੀ ਵਿਚ ਕੰਮ ਕਰਦਾ ਹੈ | ਜਾਣਕਾਰੀ ਅਨੁਸਾਰ ਸਾਜਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ 'ਤੇ ਡਿਊਟੀ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਸਵੇਰੇ ਕਰੀਬ 10 ਵਜੇ ਕੈਦੀਆਂ ਨੂੰ ਲੈ ਕੇ ਜਾ ਰਹੀ ਪੁਲਿਸ ਦੀ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਦੀ ਮਦਦ ਕੀਤੀ ਤੇ ਐਂਬੂਲੈਂਸ ਰਾਹੀਂ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ | ਡਾਕਟਰਾਂ ਦੇ ਅਨੁਸਾਰ ਨੌਜਵਾਨ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ ਤੇ ਉਸ ਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ | ਉੱਧਰ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਨੂੰ ਗੰਭੀਰ ਮਾਮਲਾ ਦੱਸਦਿਆਂ ਘਟਨਾ ਦੀ ਨਿਰਪੱਖ ਅਤੇ ਡੂੰਘੀ ਜਾਂਚ ਦੀ ਮੰਗ ਕੀਤੀ ਹੈ |