ਬਟਾਲਾ, 16 ਜੂਨ (ਸਤਿੰਦਰ ਸਿੰਘ)-ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅੰਤਰਗਤ ਕਰਵਾਏ ਗਏ ਸਵੱਛ ਏਵਮ ਹਰਿਤ ਵਿਦਿਆਲਾ ਰੇਟਿੰਗ 2025-26 ਸਰਵੇ ਵਿਚ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਜ਼ਿਲ੍ਹਾ ਗੁਰਦਾਸਪੁਰ ਨੇ ਦੇਸ਼ ਭਰ ਦੇ 14 ਲੱਖ 71 ਹਜ਼ਾਰ ਸਕੂਲਾਂ ਦੇ ਸਖ਼ਤ ਮੁਕਾਬਲੇ ਨੂੰ ਪਛਾੜਦੇ ਹੋਏ, ਨਾ ਕੇਵਲ ਜ਼ਿਲ੍ਹਾ ਪੱਧਰ ’ਤੇ, ਰਾਜ ਪੱਧਰ ’ਤੇ ਸਗੋਂ ਹੁਣ ਰਾਸ਼ਟਰੀ ਪੱਧਰ ’ਤੇ ਪੁਰਸਕਾਰ ਪ੍ਰਾਪਤ ਕਰ ਕੇ ਰਾਸ਼ਟਰੀ ਪੱਧਰ ’ਤੇ ਉੱਚ ਮੁਕਾਮ ਹਾਸਿਲ ਕਰ ਲਿਆ ਹੈ। ਵਰਣਨਯੋਗ ਹੈ ਇਹ ਸਰਵੇ ਬਲਾਕ, ਜ਼ਿਲ੍ਹਾ ਤੇ ਫਿਰ ਸੂਬਾ ਪੱਧਰ ’ਤੇ ਕਰਵਾਇਆ ਗਿਆ ਸੀ ਤੇ ਇਸ ਸਕੂਲ ਨੇ ਪਹਿਲਾ ਬਲਾਕ ’ਤੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਫਿਰ ਜ਼ਿਲ੍ਹਾ ਪੱਧਰ ’ਤੇ ਉੱਤਮ 8 ਸਕੂਲਾਂ ਵਿਚ ਨਾਂਅ ਦਰਜ ਕਰਵਾਇਆ। ਇਸ ਤੋਂ ਬਾਅਦ ਫਿਰ ਪੰਜਾਬ ਪੱਧਰ ’ਤੇ ਉੱਤਮ 20 ਸਕੂਲਾਂ ਵਿਚ ਇਸ ਸਕੂਲ ਦੀ ਚੋਣ ਹੋਈ। ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਦੀ ਚੋਣ ਲਈ ਕੇਂਦਰੀ ਪੱਧਰ ਦੀਆਂ ਵੱਖ-ਵੱਖ ਟੀਮਾਂ ਵਲੋਂ ਸਕੂਲ ਦਾ ਦੌਰਾ ਕਰਕੇ ਹਰ ਪਹਿਲੂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਦੇਸ਼ ਭਰ ਦੇ ਚੁਣੇ ਹੋਏ ਸਕੂਲਾਂ ਵਿਚੋਂ ਵੱਧ ਅੰਕਾਂ ਵਾਲੇ ਸਕੂਲਾ ਨੂੰ ਅੰਤਿਮ ਸੂਚੀ ਵਿਚ ਸ਼ਾਮਿਲ ਕੀਤਾ। ਇਸ ਸਬੰਧੀ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਸਕੂਲ ਨੂੰ ਹੁਣ ਤੱਕ ਰਾਜ ਪੱਧਰ ’ਤੇ 5 ਵਾਰ ਬੈਸਟ ਸਕੂਲ ਐਵਾਰਡ ਮਿਲ ਚੁੱਕੇ ਹਨ ਤੇ ਹੁਣ ਉਹ ਇਸ ਰਾਸ਼ਟਰ ਪੱਧਰੀ ਉਪਲੱਬਧੀ ਪ੍ਰਾਪਤ ’ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਹਾਨ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਦੇ ਪਿਆਰੇ ਬੱਚਿਆਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਸਾਲ 2014 ਤੋਂ ਹੁਣ ਤੱਕ ਸਕੂਲ ਦੀ ਬਿਹਤਰੀ ਲਈ ਦਿਨ-ਰਾਤ ਕਾਰਜ ਕੀਤੇ ਹਨ ਤੇ ਦੂਸਰਾ ਉਹ ਆਪਣੇ ਸਕੂਲ ਦੀ ਅਧਿਆਪਕਾਂ ਦੀ ਟੀਮ ਨੂੰ ਦਿੰਦੇ ਹਨ, ਜਿਨਾਂ ਦੀ ਮਿਹਨਤ ਸਦਕਾ ਅੱਜ ਸਕੂਲ ਨੇ ਰਾਸ਼ਟਰ ਪੱਧਰ ’ਤੇ ਮੁਕਾਮ ਹਾਸਿਲ ਕੀਤਾ ਹੈ। ਰਾਸ਼ਟਰੀ ਪੱਧਰ ’ਤੇ ਪੁਰਸਕਾਰ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਗੁਰਦਾਸਪੁਰ ਸ੍ਰੀਮਤੀ ਪਰਮਜੀਤ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਸ੍ਰੀ ਅਨਿਲ ਸ਼ਰਮਾ, ਸਵੱਛ ਏਵਮ ਹਰਿਤ ਵਿਦਿਆਲਾ ਰੇਟਿੰਗ ਟੀਮ ਸ੍ਰੀ ਪਰਮਿੰਦਰ ਸਿੰਘ ਜੇ.ਈ., ਰਜਨੀ ਸੋਢੀ ਸਮਾਰਟ ਸਕੂਲ ਸਹਾਇਕ, ਕੋਆਰਡੀਨੇਟਰ ਸਮਾਰਟ ਸਕੂਲ (ਐ.) ਸੁਲੱਖਣ ਸਿੰਘ ਸੈਣੀ ਨੇ ਪ੍ਰਿੰਸੀਪਲ, ਮਾਤਾ-ਪਿਤਾ, ਬੱਚਿਆਂ, ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਮਿਲਣ ’ਤੇ ਵਿਸ਼ੇਸ਼ ਤੌਰ ਉਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਅਧਿਆਪਕਾਂ ਵਿਚ ਲੈਕ. ਡਾ. ਮਦਨ ਲਾਲ, ਸਤਨਾਮ ਸਿੰਘ ਡੀ.ਪੀ.ਈ., ਰਿਪਨਦੀਪ ਕੌਰ ਸਾਇੰਸ ਮਿਸਟ੍ਰੈੱਸ, ਅਮਨਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਕੋਮਲਪ੍ਰੀਤ ਸਿੰਘ ਅੰਗਰੇਜ਼ੀ ਮਾਸਟਰ, ਕੈਂਪਸ ਮੈਨੇਜਰ ਰਮੇਸ਼ ਮਸ਼ੀਹ, ਨੀਨਾ ਸ਼ਰਮਾ, ਪਵਿੱਤਰਪ੍ਰੀਤ ਕੌਰ ਆਰਟ ਐਂਡ ਕਰਾਫਟ ਟੀਚਰ, ਲਖਬੀਰ ਕੌਰ, ਗਗਨਦੀਪ ਕੌਰ, ਸ਼ਿਵਾਨੀ ਥਾਪਾ, ਸੁਖਦੀਪ ਸਿੰਘ, ਮਿਸ. ਅੰਜਲੀ, ਸੰਦੀਪ ਬੰਮਰਾਹ, ਰਮਨਦੀਪ ਕੌਰ, ਪ੍ਰਿਆ ਕੰਬੋਜ, ਮਲਵਿੰਦਰ ਕੌਰ, ਭੁਪਿੰਦਰ ਸਿੰਘ, ਅਮਨਦੀਪ ਕੌਰ, ਰਮਨੀਕ ਸਿੰਘ, ਰਾਜਵਿੰਦਰ ਸਿੰਘ, ਰਜਵੰਤ ਕੌਰ, ਪੁਨੀਤ ਕੌਰ, ਗੁਰਪ੍ਰੀਤ ਕੌਰ, ਅਨਮੋਲ ਸਿੰਘ, ਅਨੁਰਾਧਾ, ਅਮਨਦੀਪ ਸਿੰਘ, ਬਲਦੇਵ ਸਿੰਘ, ਸੰਤੋਸ, ਦਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।