28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਫ਼ਤਹਿਗੜ੍ਹ ਚੂੜੀਆਂ ਵਿਚ ਟਰੈਫਿਕ ਵਿਵਸਥਾ ਦਾ ਜਨਾਜ਼ਾ ਨਿਕਲਿਆ

ਅਜੀਤ ਡੈਸਕ 17-06-2026
ਫ਼ਤਹਿਗੜ੍ਹ ਚੂੜੀਆਂ, 16 ਜੂਨ (ਐਮ.ਐਸ. ਫੁੱਲ)-ਸ਼ਹਿਰ ਫਤਹਿਗੜ੍ਹ ਚੂੜੀਆਂ ਵਿਚ ਟਰੈਫਿਕ ਪੁਲਿਸ ਦਾ ਪ੍ਰਬੰਧ ਨਾ ਹੋਣ ਅਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਟਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਅਧਰੰਗ ਹੋ ਚੁੱਕੀ ਹੈ। ਆਵਾਜਾਈ ਨੂੰ ਕਾਬੂ ਕਰਨ ਲਈ ਕੋਈ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਵਾਹਨ ਚਾਲਕ ਮੇਨ ਬਾਜ਼ਾਰ ਵਿਚ ਹੀ ਜਿੱਥੇ ਮਰਜ਼ੀ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਅਤੇ ਖ਼ਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਤੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਨਿਵਾਸੀਆਂ ਮੁਤਾਬਕ ਸ਼ਹਿਰ ਦੇ ਸਭ ਤੋਂ ਵਿਅਸਥ ਹਿੱਸੇ ਪੁਰਾਣੇ ਅੱਡੇ ਤੋਂ ਲੈ ਕੇ ਮੱਛੀ ਮੰਡੀ ਚੌਕ ਅਤੇ ਇਥੋਂ ਗੈਸ ਏਜੰਸੀ ਰੋਡ ਤੱਕ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਬਾਜ਼ਾਰ ਵਿਚ ਕੋਈ ਪਾਰਕਿੰਗ ਨੀਤੀ ਨਾ ਹੋਣ ਕਾਰਨ ਲੋਕ ਆਪਣੀਆਂ ਗੱਡੀਆਂ ਸੜਕ ਦੇ ਵਿਚਕਾਰ ਹੀ ਲਗਾ ਕੇ ਚਲੇ ਜਾਂਦੇ ਹਨ। ਇਸ ਕਾਰਨ ਲਗਪਗ ਹਰ ਰੋਜ਼ ਜਾਮ ਲੱਗਣਾ ਆਮ ਗੱਲ ਹੋ ਗਈ ਹੈ, ਜਿਸ ਦੇ ਚਲਦਿਆਂ ਲੋਕ ਆਪਸ ਵਿਚ ਅਕਸਰ ਲੜਦੇ ਰਹਿੰਦੇ ਹਨ। ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਜਾਂਦੀ ਹੈ, ਜਦੋਂ ਗੁਰੂ ਘਰ ਦੇ ਆਲੇ-ਦੁਆਲੇ ਖਾਣ-ਪੀਣ ਦੀਆਂ ਦੁਕਾਨਾਂ ਵਾਲਿਆਂ ਵਲੋਂ ਬਾਜ਼ਾਰ ਵਿਚ 10-10 ਫੁੱਟ ਬਾਹਰ ਤੱਕ ਨਾਜਾਇਜ਼ ਕਬਜ਼ੇ ਕਰ ਲਏ ਜਾਂਦੇ ਹਨ। ਦੁਕਾਨਦਾਰਾਂ ਨੇ ਨਾ ਸਿਰਫ਼ ਆਪਣਾ ਸਾਮਾਨ ਸੜਕਾਂ ’ਤੇ ਸਜਾਇਆ ਹੋਇਆ ਹੈ, ਬਲਕਿ ਅੱਧੇ ਬਾਜ਼ਾਰ ਤੱਕ ਰੇਹੜੀਆਂ ਤੇ ਆਪੋ-ਆਪਣੇ ਸਟੈਂਡੀ (ਬੋਰਡ) ਲਗਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਗੁਰੂ ਘਰ ਨਤਮਸਤਕ ਹੋਣ ਜਾਣ ਵੇਲੇ ਵੀ ਭਾਰੀ ਦਿੱਕਤਾਂ ਆਉਂਦੀਆਂ ਹਨ। ਸ਼ਹਿਰ ਦਾ ਕੋਈ ਵੀ ਕੋਨਾ ਇਸ ਸਮੱਸਿਆ ਤੋਂ ਵਾਂਝਾ ਨਹੀਂ ਹੈ। ਬਾਵਾ ਲਾਲ ਚੌਂਕ ਵਿਚ ਵੀ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਕਾਰਨ ਪੈਰ ਰੱਖਣ ਦੀ ਜਗ੍ਹਾ ਨਹੀਂ ਬਚਦੀ। ਇਥੇ ਵੀ ਲੋਕ ਆਪਣੀਆਂ ਗੱਡੀਆਂ ਲਗਾ ਕੇ ਚਲੇ ਜਾਂਦੇ ਹਨ ਅਤੇ ਚੁਰੱਸਤਾ ਹੋਣ ਕਾਰਨ ਇਥੇ ਜਾਮ ਲੱਗ ਜਾਂਦਾ ਹੈ। ਇਸੇ ਤਰ੍ਹਾਂ ਬਿਜਲੀ ਘਰ ਦੇ ਸਾਹਮਣੇ ਅਤੇ ਬਾਹਰਵਾਰ ਮੁੱਖ ਸੜਕਾਂ ’ਤੇ ਵੀ ਰੇਹੜੀਆਂ ਅਤੇ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਤੇ ਕਬਜ਼ਿਆਂ ਕਾਰਨ ਟਰੈਫਿਕ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਥੇ ਟਰੈਫਿਕ ਪੁਲਿਸ ਦੀ ਪੱਕੀ ਤਾਇਨਾਤੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਨਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਅਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਰੋਜ਼-ਰੋਜ਼ ਦੇ ਨਰਕ ਵਰਗੇ ਹਾਲਾਤ ਤੋਂ ਮੁਕਤੀ ਮਿਲ ਸਕੇ। ਸਥਾਨਕ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ ਅਤੇ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣ।
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਨੇ ਸਰਹੱਦੀ ਇਲਾਕੇ ਅੰਦਰ ਨਾਕਾਬੰਦੀ ਕਰਕੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।