ਪਠਾਨਕੋਟ, 16 ਜੂਨ (ਸੰਧੂ)-ਪਠਾਨਕੋਟ ਵਪਾਰ ਮੰਡਲ ਦੀ ਕੋਰ ਕਮੇਟੀ ਦੀ ਮੀਟਿੰਗ ਸਥਾਕ ਹੋਟਲ ’ਚ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਸੰਪੰਨ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਪਾਰਕ ਮਾਹੌਲ ਨੂੰ ਹੋਰ ਮਜ਼ਬੂਤ ਬਣਾਉਣ, ਵਪਾਰੀਆਂ ਦੀ ਸੁਰੱਖਿਆ, ਟ੍ਰੈਫਿਕ ਪ੍ਰਬੰਧਨ ਅਤੇ ਵੱਖ-ਵੱਖ ਜਨਤਕ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਪਾਰ ਮੰਡਲ ਨਾਲ ਸਬੰਧਿਤ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਵਪਾਰਕ ਅਦਾਰਿਆਂ ਵਲੋਂ ਛੁੱਟੀਆਂ ਕੀਤੀਆਂ ਜਾਣੀਆਂ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਪਾਰ ਮੰਡਲ ਵਲੋਂ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਬਾਜ਼ਾਰਾਂ ਵਿਚ ਵਾਧੂ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਪਾਰੀਆਂ ਦੀ ਸੰਪਤੀ ਅਤੇ ਕਾਰੋਬਾਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿਚ ਸਿਰਫ਼ ਪ੍ਰਸ਼ਾਸਨ ਉੱਤੇ ਨਿਰਭਰ ਰਹਿਣ ਦੀ ਬਜਾਏ ਵਪਾਰੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਇਸ ਲਈ ਬਾਜ਼ਾਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਯਮਿਤ ਜਾਂਚ ਅਤੇ ਖਰਾਬ ਕੈਮਰਿਆਂ ਦੀ ਤੁਰੰਤ ਮੁਰੰਮਤ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਹਰ ਮਾਰਕੀਟ ਵਿਚ ਰਾਤ ਸਮੇਂ ਚੌਕੀਦਾਰਾਂ ਦੀ ਵਿਵਸਥਾ ਕਰਕੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਵੀ ਮੁੱਖ ਚਰਚਾ ਦਾ ਵਿਸ਼ਾ ਰਹੀ। ਮਨਿੰਦਰ ਸਿੰਘ ਲੱਕੀ ਨੇ ਕਿਹਾ ਕਿ ਟ੍ਰੈਫਿਕ ਜਾਮ ਕਾਰਨ ਨਾ ਸਿਰਫ਼ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਵਪਾਰਕ ਗਤੀਵਿਧੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ ਅਤੇ ਸੰਸਥਾਪਿਕ ਪ੍ਰਧਾਨ ਐਸ.ਐਸ. ਬਾਵਾ ਨੇ ਕਿਹਾ ਕਿ ਪਠਾਨਕੋਟ ਵਪਾਰ ਮੰਡਲ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਂਦਾ ਰਿਹਾ ਹੈ। ਇਸ ਮੌਕੇ ਸੰਸਥਾਪਕ ਪ੍ਰਧਾਨ ਐਸ.ਐਸ. ਬਾਵਾ, ਚੇਅਰਮੈਨ ਅਨਿਲ ਮਹਾਜਨ, ਰਾਜੀਵ ਆਨੰਦ, ਨਵੀਨ ਮਲਹੋਤਰਾ, ਮਨਪ੍ਰੀਤ ਸਿੰਘ, ਨਾਰਾਇਣਦੀਪ ਸਿੰਘ, ਰਾਜੀਵ ਪੁਰੀ, ਚੰਦਰ ਸ਼ੇਖਰ, ਪੰਕਜ ਮਹਾਜਨ ਬਿੱਲੂ, ਪ੍ਰਵਰ ਮਹਾਜਨ, ਪਾਰਸ ਮਹਾਜਨ, ਭੀਸ਼ਮ ਮਹਾਜਨ, ਅਜੇ ਸੋਨੀ, ਵਿਨੇ ਮਹਾਜਨ, ਕੁਨਾਲ ਮਹਾਜਨ, ਦਿਨੇਸ਼ ਅਬਰੋਲ, ਸਰਬਜੀਤ ਗੁਲਾਟੀ, ਰਮੇਸ਼ ਸ਼ਰਮਾ, ਸੁਕੇਸ਼ ਜੈਨ, ਮਨੀਸ਼ ਜੈਨ, ਗੌਰਵ ਮਹਾਜਨ, ਗੁਰਜੀਤ ਹਾਂਡਾ, ਪ੍ਰਦੀਪ ਅਗਰਵਾਲ, ਸੁਤੰਤਰ ਮਹਾਜਨ, ਮੁਨੀਸ਼ ਤੁਲੀ, ਸੰਦੀਪ ਸੰਗਾਰੀ, ਸਤਬੀਰ ਖੁਰਾਨਾ ਅਤੇ ਹੋਰ ਵਪਾਰੀ ਆਗੂ ਹਾਜ਼ਰ ਸਨ।