03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 23 ਨੂੰ

ਅਜੀਤ ਡੈਸਕ 07-07-2026
ਬਟਾਲਾ, 6 ਜੁਲਾਈ (ਸਤਿੰਦਰ ਸਿੰਘ)-ਨਜ਼ਦੀਕੀ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਮਲਕਪੁਰ ਵਿਖੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਮਹਾਨ ਤਪੱਸਵੀ ਸੰਤ ਬਾਬਾ ਸੰਪੂਰਨ ਸਿੰਘ ਜੀ ਦੀ ਪਾਵਨ ਮਿੱਠੀ ਯਾਦ ’ਚ 23 ਜੁਲਾਈ ਨੂੰ ਵਿਸ਼ਾਲ ਸਾਲਾਨਾ ਗੁਰਮਤਿ ਸਮਾਗਮ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਣ ਸਿੰਘ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਜਥੇ ਤੇ ਉੱਘੇ ਕਥਾਵਾਚਕ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਸਿੱਖੀ ਦੇ ਉੱਚੇ ਆਦਰਸ਼ਾਂ ਨਾਲ ਜੋੜਨਗੇ। ਸਮਾਗਮ ਦੌਰਾਨ ਗੁਰੂ ਘਰ ਦੀਆਂ ਰਵਾਇਤਾਂ ਅਨੁਸਾਰ ਕੀਰਤਨ ਦਰਬਾਰ, ਕਥਾ-ਵਿਚਾਰਾਂ ਹੋਣਗੀਆਂ। ਗੁਰੂ ਕਾ ਅਤੁੱਟ ਲੰਗਰ ਨਿਰੰਤਰ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੀ ਹੈ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ, ਪਰ ਸਿੱਖੀ ਦੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੰਤ ਬਾਬਾ ਸੰਪੂਰਨ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਅਤੇ ਸੰਗਤ ਦੀ ਸੇਵਾ ਨੂੰ ਸਮਰਪਿਤ ਕੀਤਾ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸਮਰਪਿਤ ਇਹ ਸਾਲਾਨਾ ਸਮਾਗਮ ਸੰਗਤਾਂ ਲਈ ਆਤਮਿਕ ਲਾਭ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਇਲਾਕੇ ਤੇ ਦੂਰ-ਦੁਰਾਡੇ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ 23 ਜੁਲਾਈ ਨੂੰ ਪਰਿਵਾਰਾਂ ਸਮੇਤ ਗੁਰਦੁਆਰਾ ਤਪ ਅਸਥਾਨ ਮਲਕਪੁਰ ਵਿਖੇ ਵੱਡੀ ਗਿਣਤੀ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰਬਾਣੀ ਦਾ ਰਸ ਮਾਣਦੇ ਆਪਣਾ ਜੀਵਨ ਧੰਨ ਬਣਾਉਣ। ਇਸ ਮੌਕੇ ਗੁਰਮੀਤ ਸਿੰਘ ਦਿੱਲੀ, ਸਤਨਾਮ ਸਿੰਘ ਦਿੱਲੀ ਵਾਲੇ, ਭਾਈ ਜਗਦੀਸ਼ ਸਿੰਘ ਹੈਡ ਗ੍ਰੰਥੀ, ਕੁਲਦੀਪ ਸਿੰਘ ਥਾਣੇਦਾਰ, ਮਨਜੀਤ ਸਿੰਘ ਸਰਪੰਚ, ਕੈਪਟਨ ਸੁਖਵਿੰਦਰ ਸਿੰਘ, ਸਤਨਾਮ ਸਿੰਘ ਸ਼ਹੀਦ, ਗੁਰਪਾਲ ਸਿੰਘ ਹਸ਼ੂਰ, ਬਲਦੇਵ ਸਿੰਘ, ਜਥੇਦਾਰ ਜਿਆਣ ਸਿੰਘ, ਬਚਿੱਤਰ ਸਿੰਘ ਛੀਨਾ, ਭਾਈ ਜਸਵੰਤ ਸਿੰਘ, ਬਲਜਿੰਦਰ ਸਿੰਘ ਕੋਹਾੜ, ਸੂਬੇਦਾਰ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਸਪੇਨ, ਐਡਵੋਕੇਟ ਬੋਹੜ ਸਿੰਘ, ਗੁਰਵਿੰਦਰ ਸਿੰਘ ਤਲਵੰਡੀ, ਰਛਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪੂਰੇ ਕੀਤੇ ਆਪਣੇ ਵਾਅਦੇ ਤੋਂ ਲੋਕ ਖੁਸ਼- ਕੁਲਜੀਤ ਚਾਹਲ ਅਗਲੀ ਖ਼ਬਰ ਮਾਹਲ ਦੇ ਹਲਕਾ ਇੰਚਾਰਜ ਲੱਗਣ ’ਤੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਸਾਥੀਆਂ ਸਮੇਤ ਗੁਲਦਸਤਾ ਭੇਟ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।