01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

17 ਦੀ ਚੰਡੀਗੜ੍ਹ ਮਹਾਂਰੈਲੀ ’ਚ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਏਟਕ ਸ਼ਮੂਲੀਅਤ ਕਰੇਗੀ-ਉਦੀਪੁਰ

ਅਜੀਤ ਡੈਸਕ 09-07-2026
ਗੁਰਦਾਸਪੁਰ, 8 ਜੁਲਾਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਮੰਡਲ ਯੂਨਿਟ ਗੁਰਦਾਸਪੁਰ ਦੀ ਮੰਡਲ ਪ੍ਰਧਾਨ ਨਿਰਮਲ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਏਟਕ ਦੇ ਸਰਕਲ ਆਗੂ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਆਪਣੇ ਸਾਰੇ ਕਾਰਜਕਾਲ ਦੌਰਾਨ ਨਜ਼ਰ ਅੰਦਾਜ਼ ਕਰਕੇ ਮੁਲਾਜ਼ਮ ਪੈਨਸ਼ਨਰਜ਼ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੈਨਸ਼ਨਰਜ਼ ਤੇ ਮੁਲਾਜ਼ਮਾਂ ਨੂੰ ਕਈ ਦਹਾਕਿਆਂ ਤੋਂ ਕੇਂਦਰੀ ਪੈਟਰਨ ’ਤੇ ਮਿਲਦਾ ਮਹਿੰਗਾਈ ਭੱਤਾ ਬੰਦ ਕਰਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੋਰਟਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਖਾਲੀ ਖਜਾਨੇ ਦੀ ਦੁਹਾਈ ਪਾ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਖੂਹ ਖਾਤੇ ਸੁੱਟਿਆ ਜਾ ਰਿਹਾ ਹੈ । ਦੂਸਰੇ ਪਾਸੇ ਵੋਟਾਂ ਬਟੋਰਨ ਦੀ ਖਾਤਰ ਇਸ਼ਤਿਹਾਰਬਾਜ਼ੀ ਤੇ ਮੁਫ਼ਤ ਦੀਆਂ ਰਿਉੜੀਆਂ ਵੰਡ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਨੂੰ ਪਾਣੀ ਵਾਂਗ ਰੋੜਿਆ ਜਾ ਰਿਹਾ ਹੈ। ਪੈਨਸ਼ਨਰਾਂ ਦੀਆਂ ਪੈਨਸ਼ਨਾਂ 2,59 ਫੈਕਟਰ ਨਾਲ ਨਹੀ ਸੋਧੀਆ ਜਾ ਰਹੀਆਂ, ਸਕੇਲਾਂ ਦਾ ਬਕਾਇਆ ਏਰੀਅਰ ਲਮਕ ਅਵਸਥਾ ਵਿਚ ਪਾਇਆ ਹੈ। ਹਾਈਕੋਰਟ ਦੇ ਫੈਸਲਿਆਂ ਨੂੰ ਲਾਗੂ ਕਰਨ ਦੀ ਬਜਾਏ ਰਿਵਿਊ ਪਟੀਸ਼ਨਾਂ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਹੈ। ਉਦੀਪੁਰ ਨੇ ਦੱਸਿਆ ਕਿ ਸਾਂਝਾ ਮੁਲਾਜ਼ਮ ਮੰਚ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਸਰਕਾਰ ਵਿਰੁੱਧ ਕੀਤੇ ਜਾ ਰਹੇ ਹਰ ਸੰਘਰਸ਼ ਤੇ 17 ਜੁਲਾਈ ਨੂੰ ਚੰਡੀਗੜ ਮਹਾਂਰੈਲੀ ਵਿਚ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਪੈਨਸ਼ਨਰਜ਼ ਸ਼ਮੂਲੀਅਤ ਕਰਨਗੇ। ਇਸ ਮੌਕੇ ਪ੍ਰੇਮ ਸਾਗਰ, ਕੁਲਵਿੰਦਰ ਸਿੰਘ, ਨਰੇਸ਼ ਕੁਮਾਰ, ਸਤੀਸ਼ ਕੁਮਾਰ ਸੈਣੀ, ਬਲਵਿੰਦਰ ਪਾਲ, ਰਣਜੀਤ ਸਿੰਘ ਦੋਰਾਗਲਾ, ਪਰਮਜੀਤ ਸਿੰਘ, ਅਮਨਦੀਪ ਸਿੰਘ ਧਾਲੀਵਾਲ ਮੰਡਲ ਪ੍ਰਧਾਨ ਫੈਡਰੇਸ਼ਨ ਏਟਕ, ਸਤਪਾਲ ਸਿੰਘ, ਕਸ਼ਮੀਰ ਸਿੰਘ ਭਾਗੋਕਾਵਾਂ, ਕਿਰਪਾਲ ਸਿੰਘ ਟਾਂਡਾ, ਹਰਭਜਨ ਸਿੰਘ ਚਾਵਾ ਹਾਜ਼ਰ ਸਨ।
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬੈਂਕ ਤੋਂ ਪੈਸੇ ਕਢਵਾ ਕੇ ਘਰ ਜਾ ਰਹੀ ਨੂੰਹ-ਸੱਸ ਤੋਂ 25 ਹਜ਼ਾਰ ਖੋਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।