ਦੀਨਾਨਗਰ, 14 ਅਗਸਤ (ਸੋਢੀ/ਘੁੰਮਣ/ਸ਼ਰਮਾ)-ਸੀ.ਪੀ.ਆਈ.ਐਮ ਜਿਲਾ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ ਜਨਕ ਰਾਜ ਬਟਾਲਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਉਚੇਚੇ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਗੁਰਦਾਸਪੁਰ ਵਿਖੇ ਹੋਣ ਵਾਲੇ ਜ਼ਿਲ੍ਹਾ ਇਜਲਾਸ ਵਿਚ 50 ਮੈਂਬਰੀ ਡੈਲੀਗੇਟ ਸ਼ਾਮਿਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੇਜਰ ਸਿੰਘ ਭਿੱਖੀ ਵਿੰਡ ਨੇ ਕਿਹਾ ਕਿ ਸਾਡੀ ਪਾਰਟੀ ਅਮਰੀਕਾ ਅੰਤ ਭਾਰਤ ਵਿਚਕਾਰ ਹੋਏ ਵਪਾਰ ਸਮਝੌਤੇ ਦਾ ਵਿਰੋਧ ਕਰਦੀ ਹੈ ਤੇ ਸਰਕਾਰ ਨੂੰ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਨਸ਼ਿਆਂ ’ਤੇ ਰੋਕ ਲਗਾਉਣ ਵਿਚ ਅਸਫਲ ਰਹੀ ਹੈ ਤੇ ਸੂਬੇ ਦੀ ਕਾਨੂੰਨ ਵਿਵਸਥਾ ਵੀ ਬਹੁਤ ਖਰਾਬ ਹੈ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਰਾਹੀਂ ਆਪਣੀਆਂ ਸਫਲਤਾਵਾਂ ਗਿਨਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਦਾ 18 ਫੀਸਦੀ ਡੀ.ਏ ਜਾਰੀ ਨਾ ਕਰਕੇ ਕਰਮਚਾਰੀਆਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਰਮਚਾਰੀਆਂ ਦਾ ਡੀ.ਏ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਧੀਰ ਸਿੰਘ ਸਿੱਧੂ, ਜਨਕ ਰਾਜ ਬਟਾਲਾ, ਰੂਪ ਸਿੰਘ, ਹਰਭਜਨ ਸਿੰਘ, ਸਵਰਨ ਸਿੰਘ ਸਮੂਚੱਕ, ਹਰਦੀਪ ਸਿੰਘ ਤਲਵੰਡੀ, ਪ੍ਰੋ. ਗੁਰਦਿਆਲ ਸਿੰਘ, ਲਖਵਿੰਦਰ ਸਿੰਘ ਤੇ ਮੁਰਾਰੀ ਲਾਲ ਵੀ ਹਾਜ਼ਰ ਸਨ।