05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਗੁਰਦਾਸਪੁਰ, 4 ਸਤੰਬਰ (ਪੰਕਜ ਸ਼ਰਮਾ)-ਸ਼ਹਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ, ਜਿੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ।

ਅਜੀਤ ਡੈਸਕ 05-09-2026
ਗੁਰਦਾਸਪੁਰ, 4 ਸਤੰਬਰ (ਪੰਕਜ ਸ਼ਰਮਾ)-ਸ਼ਹਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ, ਜਿੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ ਤੇ ਆਕਰਸ਼ਕ ਸਜਾਵਟ ਨਾਲ ਸਜਾਇਆ ਗਿਆ, ਜਿਸ ਕਾਰਨ ਪੂਰੇ ਸ਼ਹਿਰ ’ਚ ਤਿਉਹਾਰ ਵਾਲਾ ਮਾਹੌਲ ਬਣਿਆ ਰਿਹਾ। ਸ਼ਹਿਰ ਦੇ ਹਨੂੰਮਾਨ ਮੰਦਰ, ਝੂਲਣਾ ਮਹਿਲ ਮੰਦਰ, ਗੀਤਾ ਭਵਨ ਮੰਦਰ, ਸ੍ਰੀ ਕ੍ਰਿਸ਼ਨ ਮੰਦਰ, ਸ਼ਿਵਾਲਿਆ ਮੰਦਰ, ਸਾਈਂ ਮੰਦਰ ਸਮੇਤ ਹੋਰ ਧਾਰਮਿਕ ਅਸਥਾਨਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਮਨਾਇਆ ਗਿਆ। ਮੰਦਰਾਂ ਵਿਚ ਭਜਨ-ਕੀਰਤਨ, ਸਤਿਸੰਗ, ਧਾਰਮਿਕ ਪ੍ਰਵਚਨ ਤੇ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼ਰਧਾਲੂਆਂ ਨੇ ਮੰਦਰਾਂ ’ਚ ਪੂਜਾ-ਅਰਚਨਾ ਕੀਤੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰਾਂ ਵਿਚ ਛੋਟੇ-ਛੋਟੇ ਬੱਚੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਵੇਸ਼ਭੂਸ਼ਾ ਵਿਚ ਸੱਜੇ ਹੋਏ ਨਜ਼ਰ ਆਏ। ਬੱਚਿਆਂ ਦੀਆਂ ਮਨਮੋਹਕ ਝਲਕਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਮਾਪਿਆਂ ਵਲੋਂ ਬੱਚਿਆਂ ਨੂੰ ਖਾਸ ਤੌਰ ’ਤੇ ਤਿਆਰ ਕਰਕੇ ਮੰਦਰਾਂ ਵਿਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀਆਂ ਤਸਵੀਰਾਂ ਖਿਚਵਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਸ਼ਹਿਰ ਦਾ ਝੂਲਣਾ ਮਹਿਲ ਮੰਦਰ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਮੰਦਰ ਵਿਚ ਸ੍ਰੀ ਕ੍ਰਿਸ਼ਨ ਦੀ ਸੁੰਦਰ ਝਾਂਕੀ ਤੇ ਫੁੱਲਾਂ ਨਾਲ ਕੀਤੀ ਵਿਸ਼ੇਸ਼ ਸਜਾਵਟ ਨੇ ਹਰ ਕਿਸੇ ਨੂੰ ਮੋਹ ਲਿਆ। ਅੱਧੀ ਰਾਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਮੌਕੇ ਵਿਸ਼ੇਸ਼ ਆਰਤੀ ਕੀਤੀ ਤੇ ਮੰਦਰਾਂ ਵਿਚ ਨੰਦ ਕੇ ਘਰ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ਤੇ ਧਾਰਮਿਕ ਸਥਾਨਾਂ ’ਤੇ ਖਾਸ ਰੌਣਕ ਦੇਖਣ ਨੂੰ ਮਿਲੀ। ਸ਼ਰਧਾਲੂਆਂ ਦੀ ਵੱਧ ਰਹੀ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਮੰਦਰਾਂ ਦੇ ਬਾਹਰ ਤੇ ਮੁੱਖ ਚੌਕਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਜਦਕਿ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਪੁਲਿਸ ਅਧਿਕਾਰੀਆਂ ਵਲੋਂ ਲਗਾਤਾਰ ਨਿਗਰਾਨੀ ਰੱਖੀ ਗਈ ਤਾਂ ਜੋ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਨਮ ਅਸ਼ਟਮੀ ਦੇ ਇਸ ਪਾਵਨ ਤਿਉਹਾਰ ਨੇ ਪੂਰੇ ਸ਼ਹਿਰ ਨੂੰ ਭਗਤੀ ਦੇ ਰੰਗ ’ਚ ਰੰਗ ਦਿੱਤਾ ਤੇ ਹਰ ਪਾਸੇ ਖੁਸ਼ੀ, ਉਤਸ਼ਾਹ ਅਤੇ ਧਾਰਮਿਕ ਮਾਹੌਲ ਦੇਖਣ ਨੂੰ ਮਿਲਿਆ ।
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਪੱਤੀ ਹਵੇਲੀਆਂ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 6 ਲੱਖ ਦਾ ਚੈੱਕ ਦਿੱਤਾ ਅਗਲੀ ਖ਼ਬਰ ਮਨਦੀਪ ਸਿੰਘ ਗਿੱਲ ਵਲੋਂ ਕਾਦੀਆਂ ਸੰਗਠਨ ਦੇ ਆਗੂਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।