ਫ਼ਾਜ਼ਿਲਕਾ, 30 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ-ਫਿਰੋਜ਼ਪੁਰ ਫਲਾਈ ਓਵਰ ਤੋਂ ਉੱਤਰਦੇ ਸਮੇਂ ਬੀਤੀ ਰਾਤ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਸਵਾਰ ਰਾਜਸਥਾਨੀ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਇਹ ਪਰਿਵਾਰ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ | ਪਰਿਵਾਰਕ ਮੈਂਬਰ ਧਰਮਵੀਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਫਲਾਈ ਓਵਰ ਤੋਂ ਹੇਠਾਂ ਉੱਤਰੇ ਤਾਂ ਸਾਹਮਣੇ ਤੋਂ ਆਉਂਦੇ ਇਕ ਵਾਹਨ ਦੀ ਤੇਜ਼ ਰੌਸ਼ਨੀ ਅੱਖਾਂ ਵਿਚ ਪੈਣ ਕਾਰਨ ਡਰਾਈਵਰ ਨੂੰ ਕੁੱਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਗਈ | ਹਾਲਾਂਕਿ ਗੱਡੀ ਦੇ ਏਅਰ ਬੈਗ ਖੁੱਲ੍ਹਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਹਾਦਸੇ ਵਿਚ ਇਕ ਬਜ਼ੁਰਗ ਮਹਿਲਾ ਦਾ ਮੋਢਾ ਟੁੱਟ ਗਿਆ, ਇੱਕ ਬੱਚੇ ਦੇ ਪੈਰ 'ਤੇ ਸੱਟ ਲੱਗੀ ਅਤੇ ਇਕ ਨੌਜਵਾਨ ਦਾ ਬੁੱਲ੍ਹ ਕੱਟਿਆ ਗਿਆ ਹੈ | ਹੀਰਾ ਵਾਲੀ ਨਿਵਾਸੀ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਉਨ੍ਹਾਂ ਦੇ ਰਿਸ਼ਤੇਦਾਰ ਹਨ ਅਤੇ ਫ਼ਿਲਹਾਲ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ | ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਫਲਾਈਓਵਰ ਕੋਲ ਬਣਾਇਆ ਡਿਵਾਈਡਰ ਨੁਕਸਦਾਰ ਹੈ ਅਤੇ ਉੱਥੇ ਕੋਈ ਰਿਫ਼ਲੈਕਟਰ ਵੀ ਨਹੀਂ ਲਗਾਇਆ ਗਿਆ, ਜਿਸ ਕਾਰਨ ਰਾਤ ਸਮੇਂ ਅਜਿਹੇ ਹਾਦਸੇ ਵਾਪਰਦੇ ਹਨ |