ਅਬੋਹਰ, 30 ਅਪ੍ਰੈਲ (ਵਿਵੇਕ ਹੂੜੀਆ)-ਸਥਾਨਕ ਨਹਿਰੂ ਪਾਰਕ ਵਿਖੇ ਸੇਵਾਮੁਕਤ ਨਗਰ ਨਿਗਮ ਕਰਮਚਾਰੀ ਕਲਿਆਣ ਸੰਘ ਦੀ ਮੀਟਿੰਗ ਅਸ਼ੋਕ ਕੁਮਾਰ ਵਾਟਸ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਸੇਵਾਮੁਕਤ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ 'ਤੇ ਡੂੰਘੀ ਚਰਚਾ ਕੀਤੀ ਗਈ ਅਤੇ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਮੰਗਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ | ਸੰਘ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਿਗਮ ਪ੍ਰਸ਼ਾਸਨ ਨੂੰ 30 ਦਿਨਾਂ ਦੀ ਸਮਾਂ-ਸੀਮਾ ਦਿੱਤੀ ਹੈ | ਮੁਲਾਜ਼ਮ ਆਗੂਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਿਥੇ ਸਮੇਂ ਅੰਦਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿੱਤ ਵਿਭਾਗ ਦੇ 18 ਫਰਵਰੀ 2026 ਦੇ ਨਿਰਦੇਸ਼ਾਂ ਅਨੁਸਾਰ ਸੇਵਾਮੁਕਤ ਕਰਮਚਾਰੀਆਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲਿਆਂ ਤਹਿਤ ਗੈ੍ਰਚੁਟੀ ਅਤੇ ਗੁਜ਼ਾਰਾ ਭੱਤੇ 'ਤੇ 6 ਫ਼ੀਸਦੀ ਵਿਆਜ ਅਤੇ ਮਹਿੰਗਾਈ ਭੱਤਾ 60 ਫ਼ੀਸਦੀ ਦੀ ਦਰ ਨਾਲ ਲਾਗੂ ਕਰਨ ਦੀ ਮੰਗ ਉਠਾਈ ਗਈ | ਮਰਹੂਮ ਮੁਲਾਜ਼ਮ ਦੇਸ਼ ਰਾਜ ਮਾਲੀ ਅਤੇ ਸੁਪਰਡੈਂਟ ਪਵਨ ਕੁਮਾਰ ਦੇ ਬਕਾਏ ਉਨ੍ਹਾਂ ਦੇ ਵਾਰਸਾਂ ਨੂੰ ਜਾਰੀ ਕੀਤੇ ਜਾਣ | ਇਸ ਦੇ ਨਾਲ ਹੀ ਨਗਰ ਨਿਗਮ ਦੇ ਮਤਾ ਨੰਬਰ 25 (ਮਿਤੀ 6 ਅਪ੍ਰੈਲ 2026) ਅਨੁਸਾਰ ਪਵਨ ਕੁਮਾਰ ਦੀ ਬੇਟੀ ਨੂੰ ਤਰਸ ਦੇ ਆਧਾਰ 'ਤੇ ਤੁਰੰਤ ਨੌਕਰੀ ਦੇਣ ਦੀ ਮੰਗ ਰੱਖੀ ਗਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਕਾਰਨ ਸੇਵਾਮੁਕਤ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |