ਅਬੋਹਰ, 10 ਮਈ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਆਗਾਮੀ ਚੋਣਾਂ ਤਹਿਤ ਕਈ ਸਮਾਜ ਸੇਵੀ ਅਤੇ ਰਾਜਸੀ ਲੀਡਰ ਇਕ-ਦੂਜੀ ਪਾਰਟੀਆਂ ਦਾ ਰੁਖ ਕਰ ਰਹੇ ਹਨ | ਇਸ ਲੜੀ ਤਹਿਤ ਅਬੋਹਰ ਤੋਂ ਨਾਮਵਰ ਸਿੱਖ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਪਰ ਆਪਣੀ ਸਹਿਯੋਗੀਆਂ ਅਤੇ ਸੰਸਥਾ ਮੈਂਬਰਾਂ ਦੇ ਦਬਾਅ ਤੋਂ ਬਾਅਦ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਸੱਤਾ ਧਿਰ ਪਾਰਟੀ ਦਾ ਝਾੜੂ ਛੱਡਣ ਦਾ ਐਲਾਨ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਆਗਾਮੀ ਸਮੇਂ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਤਹਿਤ ਪ੍ਰਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾਣੇ ਹਨ | ਜਿਸ ਤਹਿਤ ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਦੇ ਲਈ ਉਕਤ ਸਿਆਸੀ ਪਾਰਟੀਆਂ ਲਗਾਤਾਰ ਜੋੜ ਤੋੜ ਕਰ ਰਹੀਆਂ ਹਨ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਬੀਤੇ ਦਿਨੀਂ ਅਬੋਹਰ ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ 'ਤੇ ਪ੍ਰਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਵਿਪਨ, ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ ਖ਼ਾਲਸਾ ਅਤੇ ਬਲਜੀਤ ਸਿੰਘ ਭੁੱਲਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਵਾਇਆ ਸੀ ਪਰ ਕਰੀਬ ਦੋ ਘੰਟੇ ਬਾਅਦ ਹੀ ਸੰਸਥਾ ਦੇ ਸੇਵਾਦਾਰਾਂ ਅਤੇ ਹੋਰ ਕਰੀਬੀ ਮਿੱਤਰਾਂ ਦੇ ਵਿਰੋਧ ਕਾਰਨ ਉਕਤ ਸਿੱਖ ਆਗੂਆਂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਵਾਪਸ ਲੈਂਦੇ ਹੋਏ ਝਾੜੂ ਛੱਡ ਦਿੱਤਾ ਅਤੇ ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਤੌਬਾ ਕਰ ਲਈ | ਉਕਤ ਸੰਦੇਸ਼ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਜਿੱਥੇ ਸੱਤਾ ਧਿਰ ਵਲੋਂ ਜਲਦਬਾਜ਼ੀ 'ਚ ਸ਼ਮੂਲੀਅਤ ਕਰਵਾਉਣ ਦੀ ਨੁਕਤਾਚੀਨੀ ਹੋ ਰਹੀ ਹੈ, ਉੱਥੇ ਹੀ ਸਿੱਖ ਆਗੂਆਂ ਵਲੋਂ ਵਾਪਸੀ ਦਾ ਸ਼ਹਿਰ ਵਾਸੀਆਂ ਵਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ |