ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿਚ ਐੱਚ.ਪੀ.ਵੀ.ਟੀਕਾਕਰਨ ਮੁਹਿੰਮ ਸਫਲਤਾਪੂਰਵਕ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਸਿਹਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫ਼ਾਜ਼ਿਲਕਾ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਟੀਕਾਕਰਨ ਲੜਕੀਆਂ ਨੂੰ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਬਿਹਤਰੀਨ ਉਪਾਅ ਹੈ | ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ | ਪ੍ਰਾਈਵੇਟ ਹਸਪਤਾਲਾਂ ਵਿਚ ਇਸ ਟੀਕੇ ਦੀ ਕੀਮਤ ਬਹੁਤ ਜ਼ਿਆਦਾ ਹੈ, ਪਰ ਸਰਕਾਰ ਵਲੋਂ ਇਹ ਮੁਫ਼ਤ ਲਗਾਈ ਜਾ ਰਹੀ ਹੈ | ਡਾ.ਚਾਵਲਾ ਨੇ ਦੱਸਿਆ ਕਿ 14 ਤੋਂ 15 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਇਹ ਵਿਸ਼ੇਸ਼ ਤਿੰਨ ਮਹੀਨੇ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗੀ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਕਿਉਂਕਿ ਭਾਰਤ ਵਿਚ ਸਰਵਾਈਕਲ ਕੈਂਸਰ ਅÏਰਤਾਂ ਵਿਚ ਹੋਣ ਵਾਲਾ ਦੂਜਾ ਵੱਡਾ ਕੈਂਸਰ ਹੈ | ਇਹ ਵੈਕਸੀਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਲਗਾਈ ਜਾ ਰਹੀ ਹੈ | ਇਸ ਮੌਕੇ ਡਾ. ਰਾਜਵੀਰ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਦਿਵੇਸ਼ ਕੁਮਾਰ ਅਤੇ ਸੁਖਦੇਵ ਸਿੰਘ ਸਮੇਤ ਸਕੂਲ ਦਾ ਸਟਾਫ਼ ਮੌਜੂਦ ਸੀ |