ਅਬੋਹਰ, 17 ਮਈ (ਖ਼ਾਲਸਾ)- ਮੀਰਾ ਨਰਸਿੰਗ ਕਾਲਜ ਦੇ ਚੇਅਰਮੈਨ ਡਾ.ਜੀ.ਐੱਸ ਮਿੱਤਲ ਦੇ ਪੋਤੇ ਅਤੇ ਐਡਵੋਕੇਟ ਸਮੀਰ ਮਿੱਤਲ ਦੇ ਹੋਣਹਾਰ ਪੁੱਤਰ ਆਰਵ ਮਿੱਤਲ ਨੇ 12ਵੀਂ ਜਮਾਤ ਦੇ ਆਏ ਨਤੀਜਿਆਂ ਤਹਿਤ 97.2 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਜਿਸ ਕਾਰਨ ਮਿੱਤਲ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅਬੋਹਰ ਦਾ ਵਸਨੀਕ ਆਰਵ ਮਿੱਤਲ ਦੇਹਰਾਦੂਨ ਦੇ ਨਾਮਵਰ ਸੈਲੈਕੁਈ ਇੰਟਰਨੈਸ਼ਨਲ ਸਕੂਲ ਵਿਚ ਸਿੱਖਿਆ ਲੈ ਰਿਹਾ ਹੈ ਜਦ ਕਿ ਉਸ ਨੇ ਬਚਪਨ ਤੋਂ ਆਪਣੀ ਪੜ੍ਹਾਈ ਅਬੋਹਰ ਦੇ ਡੀ.ਪੀ.ਐੱਸ ਸਕੂਲ ਤੋਂ ਸ਼ੁਰੂ ਕੀਤੀ ਸੀ ਜਦ ਕਿ ਬਾਅਦ ਵਿਚ ਉਸ ਨੇ ਡੀ.ਪੀ.ਐੱਸ ਚੰਡੀਗੜ੍ਹ ਵਿਚ ਦਾਖਲਾ ਲਿਆ | ਜਿਸ ਨੇ ਸ਼ੁਰੂ ਤੋਂ ਹੀ ਆਪਣੀ ਪ੍ਰਤਿਭਾ ਨਾਲ ਸਫਲਤਾ ਹਾਸਲ ਕੀਤੀ | ਆਰਵ ਨੇ ਦੱਸਿਆ ਕਿ ਉਹ ਹਰ ਰੋਜ਼ 9 ਤੋਂ 10 ਘੰਟੇ ਪੜ੍ਹਾਈ ਕਰਦਾ ਹੈ ਅਤੇ ਉਸ ਦੇ ਇਸ ਪ੍ਰਦਰਸ਼ਨ ਵਿਚ ਉਸ ਦੇ ਪਰਿਵਾਰ ਅਤੇ ਵਿੱਦਿਅਕ ਸੰਸਥਾਵਾਂ ਦਾ ਵੱਡਾ ਯੋਗਦਾਨ ਰਿਹਾ ਹੈ | ਆਰਵ ਦਾ ਸੁਪਨਾ ਹੈ ਕਿ ਉਹ ਭਵਿੱਖ ਵਿਚ ਸਫਲ ਬਿਜ਼ਨਸਮੈਨ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ | ਅਬੋਹਰ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਅਗਰਵਾਲ ਭਾਈਚਾਰੇ ਨੇ ਵੀ ਆਰਵ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ |