ਅਬੋਹਰ, 17 ਮਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਚੋਣਾਂ ਦਾ ਬਿਗਲ ਵੱਜਦੇ ਹੀ ਲੋਕਾਂ ਦੀਆਂ ਨਾਰਾਜ਼ਗੀਆਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਉਮੀਦਵਾਰਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ | ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 13 ਸਥਿਤ ਪੁਰਾਣੀ ਸੂਰਜ ਨਗਰੀ ਦੇ ਗੁਰਦੁਆਰਾ ਸ਼੍ਰੀ ਅੰਗਦ ਦੇਵ ਸਾਹਿਬ ਦੀ ਗਲੀ ਨਾ ਬਣਨ ਕਾਰਨ ਮੁਹੱਲਾ ਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ | ਜਿਸ ਤਹਿਤ ਪੁਰਾਣੀ ਸੂਰਜ ਨਗਰੀ ਦੇ ਵਸਨੀਕਾਂ ਨੇ ਗਲੀ ਨਾ ਬਣਨ ਦੇ ਰੋਸ ਵਿਚ ਬੋਰਡ ਲਗਾਉਂਦੇ ਹੋਏ ਕਿਸੇ ਵੀ ਰਾਜਸੀ ਪਾਰਟੀ ਦੇ ਲੀਡਰ ਨੂੰ ਉਨ੍ਹਾਂ ਦੇ ਮੁਹੱਲੇ ਵਿਚ ਵੋਟਾਂ ਨਾ ਮੰਗਣ ਆਉਣ ਦੀ ਅਪੀਲ ਕੀਤੀ ਹੈ | ਜਿਸ ਕਾਰਨ ਵਾਰਡ ਨੰਬਰ 13 ਦੇ ਸਾਰੇ ਉਮੀਦਵਾਰਾਂ ਲਈ ਵੱਡੀ ਪਰੇਸ਼ਾਨੀ ਬਣ ਗਈ ਹੈ | ਦੂਜੇ ਪਾਸੇ ਉਕਤ ਮੁਹੱਲੇ ਦੇ ਲੋਕਾਂ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ | ਨਗਰ ਨਿਗਮ ਚੋਣਾਂ ਦੌਰਾਨ ਜਿੱਥੇ ਉਮੀਦਵਾਰ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਉੱਥੇ ਹੀ ਵੋਟਰ ਵੀ ਲੀਡਰਾਂ ਨੂੰ ਕੰਮ ਨਾ ਕਰਨ ਸੰਬੰਧੀ ਚੇਤੇ ਕਰਵਾਉਣ ਤੋਂ ਬਾਜ਼ ਨਹੀਂ ਆ ਰਹੇ |