ਅਬੋਹਰ, 19 ਮਈ(ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਖਾਂਟਵਾਂ ਵਿਖੇ ਬੀਤੀ ਦੇਰ ਰਾਤ ਉੱਥੋਂ ਗੁਜ਼ਰਦੀ ਇਕ ਨਹਿਰ ਵਿਚ ਫਸੀ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਫ਼ੀ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਅਤੇ ਪੁਲਿਸ ਦੀ ਮੌਜੂਦਗੀ ਵਿਚ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ | ਲਾਸ਼ ਕਰੀਬ ਇਕ ਹਫ਼ਤਾ ਪੁਰਾਣੀ ਹੋਣ ਕਾਰਨ ਬੁਰੀ ਤਰ੍ਹਾਂ ਗਲ ਚੁੱਕੀ ਹੈ, ਜਿਸ ਕਰਕੇ ਫ਼ਿਲਹਾਲ ਇਸ ਦੀ ਪਛਾਣ ਨਹੀਂ ਹੋ ਸਕੀ | 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰ ਬਿੱਟੂ ਨਰੂਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਪਿੰਡ ਖਾਂਟਵਾਂ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਦੇ ਕੋਲੋਂ ਲੰਘਦੇ ਸੂਏ ਵਿਚੋਂ ਪਿਛਲੇ ਇਕ-ਦੋ ਦਿਨਾਂ ਤੋਂ ਭਾਰੀ ਬਦਬੂ ਆ ਰਹੀ ਹੈ, ਜਿਸ ਵਿਚ ਲਾਸ਼ ਫਸੀ ਹੋਣ ਦਾ ਖ਼ਦਸ਼ਾ ਹੈ | ਸੂਚਨਾ ਮਿਲਦਿਆਂ ਹੀ ਸਮਿਤੀ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੇਰ ਰਾਤ ਹੀ ਮੌਕੇ 'ਤੇ ਪਹੁੰਚੇ | ਉੱਥੇ ਦੇਖਿਆ ਕਿ ਇੱਕ ਨੌਜਵਾਨ ਦੀ ਲਾਸ਼ ਬਿਲਕੁਲ ਨਗਨ ਹਾਲਤ ਵਿਚ ਫਸੀ ਹੋਈ ਸੀ, ਜਿਸ ਦੀ ਇਤਲਾਹ ਤੁਰੰਤ ਥਾਣਾ ਬਹਾਵਵਾਲਾ ਦੀ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦੇ ਸਾਰ ਹੀ ਥਾਣਾ ਬਹਾਵਵਾਲਾ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਦੀ ਅਗਵਾਈ ਹੇਠ ਸਮਿਤੀ ਮੈਂਬਰਾਂ ਨੇ ਪਿੰਡ ਦੇ ਸਰਪੰਚ, ਚੁੰਨੀ ਲਾਲ ਅਤੇ ਹੋਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ | ਸਮਿਤੀ ਮੈਂਬਰਾਂ ਮੁਤਾਬਿਕ ਮਿ੍ਤਕ ਦੀ ਉਮਰ ਕਰੀਬ 28 ਤੋਂ 30 ਸਾਲ ਦੇ ਦਰਮਿਆਨ ਜਾਪਦੀ ਹੈ ਅਤੇ ਉਸ ਦੇ ਇਕ ਹੱਥ ਵਿਚ ਲੋਹੇ ਦਾ ਕੜਾ ਪਾਇਆ ਹੋਇਆ ਹੈ | ਲਾਸ਼ 6-7 ਦਿਨ ਪੁਰਾਣੀ ਹੋਣ ਕਾਰਨ ਗਲ-ਸੜ ਚੁੱਕੀ ਹੈ | ਪੁਲਿਸ ਨੇ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਇਸ ਨੰੂ ਅਗਲੇ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |