ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਲੋਂ ਅਬੋਹਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਵੱਡੇ ਪੱਧਰ 'ਤੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਜਾਣ 'ਤੇ ਐੱਸ.ਡੀ.ਐਮ ਦਫ਼ਤਰ ਅਬੋਹਰ ਮੂਹਰੇ ਧਰਨਾ ਲਗਾਇਆ ਗਿਆ | ਇਸ ਦੌਰਾਨ ਅਕਾਲੀ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਬੋਹਰ ਵਿਚ ਸੱਤ ਅਕਾਲੀ ਦਲ ਦੇ ਅਤੇ ਅੱਠ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਰੱਦ ਕੀਤੇ ਗਏ ਹਨ ਤਾਂ ਕਿ ਆਮ ਆਦਮੀ ਪਾਰਟੀ ਅਬੋਹਰ ਵਿਚ ਆਪਣਾ ਬੋਰਡ ਬਣਾ ਸਕੇ, ਸੱਤਾਧਾਰੀ ਪਾਰਟੀ ਜਾਣ ਬੁੱਝ ਕੇ ਧੱਕੇਸ਼ਾਹੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੂੰ ਮੁੜ ਤੋਂ ਕਾਗ਼ਜ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ | ਇਸ ਮੌਕੇ ਹਲਕਾ ਬੱਲੂਆਣਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨੋਦ ਮੇਘ, ਕਾਂਗਰਸ ਹਲਕਾ ਇੰਚਾਰਜ ਬੀਬੀ ਰਾਜਿੰਦਰ ਕੌਰ, ਸੁਧੀਰ ਭਾਦੂ, ਸੁਭਾਸ਼ ਬਾਘਲਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਐੱਸ.ਜੀ.ਪੀ.ਸੀ.ਮੈਂਬਰ ਜਥੇਦਾਰ ਕੋਰ ਸਿੰਘ ਬਹਾਵਵਾਲਾ, ਸਰਕਲ ਪ੍ਰਧਾਨ ਬਬਲ ਬੁੱਟਰ, ਪਟੇਲ ਘੁਲਾ, ਸਾਹਿਲ ਛਾਬੜਾ, ਹਰਚਰਨ ਸਿੰਘ, ਹਰਪਾਲ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ | ਜਦੋਂ ਇਸ ਸਬੰਧ ਵਿਚ ਐੱਸ.ਡੀ.ਐਮ ਅਬੋਹਰ ਗਗਨਦੀਪ ਸਿੰਘ ਅਰੋੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਫ਼ੋਨ ਨਹੀਂ ਚੁੱਕਿਆ |