ਜ਼ੀਰਾ, 3 ਜੂਨ (ਹਰਜੀਤ ਸਿੰਘ ਗਿੱਲ) ਨੰਬਰਦਾਰ ਯੂਨੀਅਨ (ਗ਼ਾਲਿਬ) ਤਹਿਸੀਲ ਜ਼ੀਰਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਹੋਈ | ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਰਦੂਲ ਸਿੰਘ ਗਿੱਲ ਨੇ ਕਿਹਾ ਕਿ ਡੀਜ਼ਲ ਕਿਸਾਨਾਂ ਦੇ ਨਾਲ-ਨਾਲ ਟਰਾਂਸਪੋਰਟਰਾਂ ਅਤੇ ਢੋਆ ਢੁਆਈ ਲਈ ਹਰ ਇੱਕ ਥਾਂ 'ਤੇ ਜ਼ਰੂਰੀ ਹੈ ਪਰ ਇਸ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਡੀਜ਼ਲ ਦੇ ਨਾਲ-ਨਾਲ ਪੈਟਰੋਲ, ਗੈੱਸ ਸਿਲੰਡਰ ਆਦਿ ਕਾਰਨ ਹਰ ਇਕ ਵਸਤੂ ਮਹਿੰਗੀ ਹੁੰਦੀ ਜਾ ਰਹੀ ਹੈ, ਜਿਸ ਦਾ ਆਮ ਇਨਸਾਨ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ | ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਡੀਜ਼ਲ, ਪੈਟਰੋਲ ਆਦਿ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਮੌਕੇ ਪੰਜਾਬ ਸਰਕਾਰ ਵਲੋਂ ਖੇਤਾਂ ਲਈ ਬਿਜਲੀ 8 ਘੰਟੇ ਨਿਰਵਿਘਨ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਹੈ | ਉਨ੍ਹਾਂ ਨੇ ਝੋਨਾ ਤੇ ਹੋਰ ਫਸਲਾਂ ਪਾਲਣ ਲਈ ਨਹਿਰੀ ਪਾਣੀ ਖੇਤਾਂ ਵਿਚ ਤੁਰੰਤ ਪਹੁੰਚਦਾ ਕਰਨ ਲਈ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ | ਇਸ ਸਮੇਂ ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਲਖਵਿੰਦਰ ਸਿੰਘ ਸੁੱਖੇ ਵਾਲਾ, ਮੋਹਨ ਸਿੰਘ ਵਾੜਾ ਚੈਨ ਸਿੰਘ ਵਾਲਾ, ਕੁਲਵਿੰਦਰ ਸਿੰਘ ਭੜਾਣਾ, ਹਾਕਮ ਸਿੰਘ ਮਨਸੂਰਵਾਲ, ਅੰਗਰੇਜ਼ ਸਿੰਘ ਹੋਲਾਂ ਵਾਲੀ, ਲਖਬੀਰ ਸਿੰਘ ਸ਼ਾਹ ਵਾਲਾ, ਬਲਵਿੰਦਰ ਸਿੰਘ ਸਿੰਘ ਮਹੀਆਂ ਵਾਲਾ ਕਲਾਂ, ਸੁੱਚਾ ਸਿੰਘ ਰੋਡੇ ਜੱਲੇ ਵਾਲਾ, ਮੁਖ਼ਤਿਆਰ ਸਿੰਘ ਗੁਰਦਿੱਤੀ ਵਾਲਾ ਅਤੇ ਬਲਵੰਤ ਸਿੰਘ ਗੁਰਦਿੱਤੀ ਵਾਲਾ ਆਦਿ ਹਾਜ਼ਰ ਸਨ |