ਫ਼ਾਜ਼ਿਲਕਾ, 5 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਕਮ ਪਿ੍ੰਸੀਪਲ ਸੈਂਸਜ ਅਫ਼ਸਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਸੈਂਸਜ 2027 ਸਬੰਧੀ ਵਧੀਕ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਸੈਂਸਜ ਅਫ਼ਸਰ ਫ਼ਾਜ਼ਿਲਕਾ ਸਮੂਹ ਉਪ ਮੰਡਲ ਮੈਜਿਸਟਰੇਟ ਕਮ ਉਪ ਮੰਡਲ ਸੈਂਸਜ ਅਫ਼ਸਰ ਅਤੇ ਸਮੂਹ ਚਾਰਜ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋਂ 13 ਜੂਨ ਤੱਕ ਸੈਂਸਜ 2027 ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੈਂਸਸ ਦਾ ਮੁੱਖ ਉਦੇਸ਼ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਬਾਰੇ ਸਹੀ ਅਤੇ ਤਾਜ਼ਾ ਡਾਟਾ ਇਕੱਠਾ ਕਰਨਾ ਹੈ ਤਾਂ ਜੋ ਸਰਕਾਰ ਵਲੋਂ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਗਿਣਤੀਕਾਰ ਘਰ-ਘਰ ਸਰਵੇ ਲਈ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਅਤੇ ਅੱਪਡੇਟ ਜਾਣਕਾਰੀ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਪਾਰਦਰਸ਼ਤਾ, ਅੰਕੜਿਆਂ ਦੀ ਸਟੀਕਤਾ ਅਤੇ ਨਿਰਧਾਰਿਤ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਨਾ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਡਿਪਟੀ ਈ.ਐੱਸ.ਏ ਕਮ-ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਹਰਜਿੰਦਰ ਸਿੰਘ, ਅਮਨ ਗਿਰਧਰ, ਸੁਰਿੰਦਰ ਕੰਬੋਜ ਜ਼ਿਲ੍ਹਾ ਸੈਂਸਜ ਸੈੱਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਕੁਮਾਰ ਅਤੇ ਵਰਿੰਦਰ ਕੁਮਾਰ ਹਾਜ਼ਰ ਸਨ |