ਅਬੋਹਰ, 9 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਡੀ.ਏ.ਵੀ. ਕਾਲਜ ਅਬੋਹਰ ਸਮਾਜਿਕ ਮੁੱਦਿਆਂ ਦੇ ਪ੍ਰਤੀ ਹਮੇਸ਼ਾ ਜਾਗਰੂਕ ਰਿਹਾ ਹੈ | ਇਸ ਲੜੀ ਤਹਿਤ ਕਾਲਜ ਦੇ ਐਨ.ਐੱਸ.ਐੱਸ ਵਿਭਾਗ ਵਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਸੰਬੰਧ ਵਿਚ ਬੂਟੇ ਲਗਾ ਕੇ ਸਮਾਜ ਨੂੰ ਵਾਤਾਵਰਨ ਸੰਭਾਲਣ ਦਾ ਸੰਦੇਸ਼ ਦਿੱਤਾ ਗਿਆ | ਇਸ ਦੌਰਾਨ ਕਾਲਜ ਦੇ ਵਾਈਸ ਪਿ੍ੰਸੀਪਲ ਡਾ.ਕਿਰਨ ਗਰੋਵਰ ਨੇ ਕਿਹਾ ਕਿ ਸਿਹਤਮੰਦ ਰਹਿਣ ਦੇ ਲਈ ਵਾਤਾਵਰਨ ਨੂੰ ਹਰਾ ਭਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂ ਕਿ ਮਨੁੱਖੀ ਵਿਕਾਸ ਦੀ ਲੋੜ ਵਿਚ ਧਰਤੀ ਤੋਂ ਹਰਿਆਵਲ ਖ਼ਤਮ ਹੋ ਰਹੀ ਹੈ | ਅੱਜ ਦਾ ਦਿਨ ਇਸ ਗੱਲ ਨੂੰ ਦੁਹਰਾਉਂਦਾ ਹੈ ਜੇਕਰ ਜ਼ਿੰਦਗੀ ਨੂੰ ਬਚਾਉਣਾ ਹੈ ਤਾਂ ਵਾਤਾਵਰਨ ਦੀ ਦੇਖਭਾਲ ਕਰਨੀ ਹੋਵੇਗੀ | ਡਾ.ਕਿਰਨ ਗਰੋਵਰ ਅਤੇ ਡਾ.ਸੋਨਿਕਾ ਨਾਰੰਗ ਨੇ ਵਿਦਿਆਰਥੀਆਂ ਦੇ ਰਾਹੀਂ ਸਮਾਜ ਨੂੰ ਧਰਤੀ ਸੰਭਾਲਣ ਪ੍ਰਣ ਲੈਣ ਦੀ ਅਪੀਲ ਵੀ ਕੀਤੀ | ਵਿਦਿਆਰਥੀਆਂ ਨੇ ਇਸ ਪ੍ਰਣ ਨੂੰ ਦੁਹਰਾਇਆ ਅਤੇ ਵਾਤਾਵਰਨ ਸੰਭਾਲਣ ਵਿਚ ਆਪਣਾ ਯੋਗਦਾਨ ਦੇਣ ਦਾ ਵਿਸ਼ਵਾਸ ਦਿੱਤਾ | ਇਸ ਉਪਰੰਤ ਕਾਲਜ ਵਿਦਿਆਰਥੀਆਂ ਨੇ ਕਾਲਜ ਦੇ ਵਿਹੜੇ ਵਿਚ ਸਾਫ਼ ਸਫ਼ਾਈ ਅਤੇ ਪੰਛੀਆਂ ਦੇ ਲਈ ਦਾਣਾ ਪਾਣੀ ਦੇ ਬਰਤਨਾਂ ਦੀ ਵਿਵਸਥਾ ਵੀ ਕੀਤੀ | ਇਸ ਮੌਕੇ ਐਨ.ਐੱਸ.ਐੱਸ ਮੁਖੀ ਸੰਜੀਵ ਕੁਮਾਰ ਗੁੰਬਰ, ਪੂਜਾ ਸ਼ਰਮਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ |