ਅਬੋਹਰ, 9 ਜੂਨ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਪੋਸਟ-ਗ੍ਰੈਜੂਏਟ ਕਲਾਸਾਂ ਦੀਆਂ ਹੁਸ਼ਿਆਰ ਵਿਦਿਆਰਥਣਾਂ ਦੀ ਵਿੱਦਿਅਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਨਮਾਨਿਤ ਕਰਨ ਦੇ ਉਦੇਸ਼ ਨਾਲ ਡਾ. ਆਰਤੀ ਕਪੂਰ ਵੱਲੋਂ ਸਥਾਪਿਤ ਨਾਗਪਾਲ ਮੈਰਿਟ ਵਜ਼ੀਫ਼ਾ ਪ੍ਰਦਾਨ ਕੀਤਾ ਗਿਆ | ਇਸ ਵਜ਼ੀਫ਼ਾ ਯੋਜਨਾ ਅਧੀਨ ਹਰ ਸਾਲ ਪੋਸਟ-ਗ੍ਰੈਜੂਏਟ ਕਲਾਸਾਂ ਦੀਆਂ ਕੁੱਲ 11 ਵਿਦਿਆਰਥਣਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ | ਡਾ.ਆਰਤੀ ਕਪੂਰ ਆਪਣੀ ਮਾਤਾ ਦੀ ਯਾਦ ਵਿਚ ਸਾਰੇ ਸਮੈਸਟਰਾਂ ਦੇ ਸਮੁੱਚੇ ਪ੍ਰਦਰਸ਼ਨ ਦੇ ਆਧਾਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ 5100 ਰੁਪਏ ਦਾ ਵਜ਼ੀਫ਼ਾ ਅਤੇ ਆਪਣੇ ਪਿਤਾ ਅਤੇ ਭਰਾ ਦੀ ਯਾਦ ਵਿਚ ਦਸ ਹੋਰ ਪੋਸਟ-ਗ੍ਰੈਜੂਏਟ ਵਿਦਿਆਰਥਣਾਂ ਨੂੰ 1100-1100 ਰੁਪਏ ਦਾ ਵਜ਼ੀਫ਼ਾ ਪ੍ਰਦਾਨ ਕਰਦੇ ਹਨ | ਇਸ ਸਾਲ ਵਜ਼ੀਫ਼ਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਪਿ੍ਅੰਕਾ ਸੋਨੀ, ਨਵਰੀਤ, ਹੀਨਾ, ਨਰਗਿਸ, ਮਹਿਕ, ਨੰਦਿਨੀ, ਚਾਰੂ, ਖ਼ੁਸ਼ੀ, ਏਕਤਾ, ਰੈਨਾ ਅਤੇ ਸੇਹਜਲ ਸ਼ਾਮਲ ਹਨ | ਇਸ ਮੌਕੇ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਡਾ.ਆਰਤੀ ਕਪੂਰ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਜਾ ਰਿਹਾ ਇਹ ਸਹਿਯੋਗ ਹੁਸ਼ਿਆਰ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ | ਉਨ੍ਹਾਂ ਨੇ ਵਿਦਿਆਰਥਣਾਂ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਵੀ ਇਸੇ ਲਗਨ ਅਤੇ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ |