27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ ਤਾਂ ਬਦਲੇ, ਪਰ ਨਹੀਂ ਬਦਲੇ ਜ਼ਿਲ੍ਹੇ ਦੇ ਹਾਲਾਤ

ਅਜੀਤ ਡੈਸਕ 17-06-2026
ਮੰਡੀ ਘੁਬਾਇਆ, 16 ਜੂਨ (ਅਮਨ ਬਵੇਜਾ)-ਪੰਜਾਬ ਸਰਕਾਰ ਵਲੋਂ ਕਾਨੂੰਨੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਮੇਂ-ਸਮੇਂ ’ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕਰਨ ਦੇ ਬਾਵਜੂਦ ਨਸ਼ਿਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਤੇ ਪੂਰੀ ਤਰ੍ਹਾਂ ਕਾਬੂ ਪੈਂਦਾ ਨਜ਼ਰ ਨਹੀਂ ਆ ਰਿਹਾ। ਖ਼ਾਸ ਕਰਕੇ ਚੌਂਕੀ ਘੁਬਾਇਆ ਦੇ ਅਧੀਨ ਆਉਂਦੇ ਪਿੰਡਾਂ ਵਿਚ ਨਸ਼ਿਆਂ ਦੇ ਕਥਿਤ ਵਧਦੇ ਪ੍ਰਚਲਣ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮਾਂ ਅਤੇ ਸਖ਼ਤ ਕਾਰਵਾਈਆਂ ਦੇ ਪੁਲਿਸ ਵਲੋਂ ਅਕਸਰ ਹੀ ਦਾਅਵੇ ਤਾਂ ਲਗਾਤਾਰ ਕੀਤੇ ਜਾਂਦੇ ਹਨ,ਪਰ ਜੇਕਰ ਜ਼ਮੀਨੀ ਪੱਧਰ ’ਤੇ ਹਾਲਾਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਤੀਜਿਆਂ ਵਿਚ ਉਮੀਦ ਅਨੁਸਾਰ ਸੁਧਾਰ ਨਹੀਂ ਦਿਖਾਈ ਦੇ ਰਿਹਾ। ਨੌਜਵਾਨਾਂ ਦੇ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਉਣ ਦੀਆਂ ਚਰਚਾਵਾਂ ਨੇ ਮਾਪਿਆਂ ਅਤੇ ਸਮਾਜ ਸੇਵੀਆਂ ਦੀ ਚਿੰਤਾ ਹੋਰ ਡੂੰਘੀ ਕਰ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਇਸ ਖੇਤਰ ਦੇ ਚੌਂਕੀ ਘੁਬਾਇਆ ਅਧੀਨ ਪੈਂਦੇ ਪਿੰਡ ਭੰਬਾ ਵੱਟੂ ਉਤਾੜ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਸੀ। ਇਹ ਹੀ ਨਹੀਂ ਨਸ਼ੇੜੀ ਕਿਸਮ ਦੇ ਨੌਜਵਾਨ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਬਾਜ਼ ਨਹੀਂ ਆਉਂਦੇ। ਖੇਤਰ ਵਿਚ ਵਧਦੀ ਨਸ਼ਿਆਂ ਅਤੇ ਚੋਰੀਆਂ ਦਾ ਪ੍ਰਚਲਣ ਇਸ ਵੇਲੇ ਸਿਖਰ ’ਤੇ ਹੈ। ਜਿਸ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਚੌਂਕੀ ਘੁਬਾਇਆ ਦੀ ਕਾਰਗੁਜ਼ਾਰੀ ਵਿਚ ਸੁਧਾਰ ਦੀ ਲੋੜ ਹੈ ਅਤੇ ਪੁਲਿਸ ਨੂੰ ਆਸ-ਪਾਸ ਦੇ ਪਿੰਡਾਂ ਵਿਚ ਨਿਯਮਿਤ ਨਾਕਾਬੰਦੀ, ਗਸ਼ਤ ਅਤੇ ਖ਼ੁਫ਼ੀਆ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ਵਲੋਂ ਨਸ਼ਾ ਤਸਕਰਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਕੀ ਕਹਿੰਦੇ ਹਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ
-ਜਦੋਂ ਇਲਾਕੇ ਦੀ ਵਿਗੜੀ ਸਥਿਤੀ ਬਾਰੇ ਐੱਸ.ਐੱਸ.ਪੀ. ਫ਼ਾਜ਼ਿਲਕਾ ਗਗਨ ਅਜੀਤ ਸਿੰਘ ਨਾਲ ਸੰਪਰਕ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਧਿਆਨ ਵਿਚ ਲੈ ਕੇ ਆਏ ਹੋ, ਮੇਰੇ ਵਲੋਂ ਖ਼ੁਫ਼ੀਆ ਤੌਰ ’ਤੇ ਜਾਂਚ ਕਰਕੇ ਬਣਦੀ ਠੋਸ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਵਿਸ਼ਵ ਖ਼ੂਨਦਾਨ ਦਿਵਸ ’ਤੇ ਵੱਧ ਤੋਂ ਵੱਧ ਖ਼ੂਨਦਾਨ ਕਰਨ ਦੀ ਅਪੀਲ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਰਾਕੇਸ਼ ਮਲਿਕ ਨੇ ਐਮ.ਆਰ. ਸਰਕਾਰੀ ਕਾਲਜ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।