06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

15 ਅਗਸਤ ਨੂੰ ਫ਼ਾਜ਼ਿਲਕਾ ਦੇ ਪ੍ਰਤਾਪ ਬਾਗ਼ ਵਿਖੇ ਮਨਾਇਆ ਜਾਵੇਗਾ ਕਾਮਰੇਡ ਵਧਾਵਾ ਰਾਮ ਯਾਦਗਾਰੀ ਸਮਾਗਮ ਮੀਟਿੰਗ ਦੌਰਾਨ ‘ਜਗਸੀਰ ਜੀਦਾ’ ਦੀ ਇਨਕਲਾਬੀ ਟੀਮ ਨੂੰ ਬੁਲਾਉਣ ਦਾ ਲਿਆ ਫ਼ੈਸਲਾ

ਅਜੀਤ ਡੈਸਕ 26-07-2026
ਫ਼ਾਜ਼ਿਲਕਾ, 25 ਜੁਲਾਈ (ਦਵਿੰਦਰ ਪਾਲ ਸਿੰਘ)-ਦੇਸ਼ ਭਗਤ ਕਾਮਰੇਡ ਵਧਾਵਾ ਰਾਮ ਯਾਦਗਾਰ ਕਮੇਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਆਉਂਦੇ 15 ਅਗਸਤ ਨੂੰ ਕਰਵਾਏ ਜਾਣ ਵਾਲੇ ਸਾਲਾਨਾ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਆਗੂਆਂ ਨੇ ਦੱਸਿਆ ਕਿ ਸੁਤੰਤਰਤਾ ਸੈਨਾਨੀ, ਮੁਜ਼ਾਹਰਾ ਲਹਿਰ ਦੇ ਮਹਾਨ ਆਗੂ ਅਤੇ ਫ਼ਾਜ਼ਿਲਕਾ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਸਥਾਨਕ ਪ੍ਰਤਾਪ ਬਾਗ਼ ਫ਼ਾਜ਼ਿਲਕਾ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਇਨਕਲਾਬੀ ਕਲਾਕਾਰ ਟੀਮ ਜਗਸੀਰ ਜੀਦਾ ਨੂੰ ਵਿਸ਼ੇਸ਼ ਤੌਰ ’ਤੇ ਆਮੰਤਰਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਮਾਗਮ ਵਿਚ ਕਈ ਅਗਾਂਹਵਧੂ ਬੁਲਾਰੇ, ਇਨਕਲਾਬੀ ਨਾਟਕ ਮੰਡਲੀਆਂ ਅਤੇ ਗਾਇਕ ਵੀ ਸ਼ਿਰਕਤ ਕਰਨਗੇ। ਮੀਟਿੰਗ ਦੇ ਸ਼ੁਰੂ ਵਿਚ ਵਿੱਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਕਮੇਟੀ ਆਗੂਆਂ ਵਲੋਂ ਦਿੱਲੀ ਵਿਚ ਸਟੂਡੈਂਟ ਅੰਦੋਲਨ ਦੌਰਾਨ ਦਿੱਲੀ ਪੁਲੀਸ ਦੁਆਰਾ ਵਿਦਿਆਰਥੀਆਂ ਉੱਪਰ ਕੀਤੇ ਗਏ ਭਿਆਨਕ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ, ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਮਨਰੇਗਾ ਕਰਮਚਾਰੀਆਂ ਉੱਪਰ ਕੀਤੇ ਲਾਠੀਚਾਰਜ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿਚ ਕਾਮਰੇਡ ਹੰਸਰਾਜ ਗੋਲਡਨ, ਕਾਮਰੇਡ ਬਖ਼ਤਾਵਰ ਸਿੰਘ, ਕਾਮਰੇਡ ਜੰਮੂ ਰਾਮ, ਕਾਮਰੇਡ ਸੁਬੇਗ ਸਿੰਘ, ਕਾਮਰੇਡ ਗੁਰਦਿਆਲ ਸਿੰਘ, ਕਾਮਰੇਡ ਹਰਦੀਪ ਸਿੰਘ, ਕਾਮਰੇਡ ਸ਼ਕਤੀ, ਕਾਮਰੇਡ ਮਲ, ਕਾਮਰੇਡ ਰਮੇਸ਼ ਵਢੇਰਾ, ਕਾਮਰੇਡ ਵਜ਼ੀਰ ਸੱਪਾਂ ਵਾਲੀ, ਕਾਮਰੇਡ ਜੱਗਾ ਸਿੰਘ, ਕਾਮਰੇਡ ਅਵਤਾਰ ਅਤੇ ਤਰਕਸ਼ੀਲ ਆਗੂ ਸੁਰਿੰਦਰ ਗੰਜੂਆਣਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪੱਲੇਦਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਵਿਖੇ ਕੀਤੀ ਗੇਟ ਰੈਲੀ ਅਗਲੀ ਖ਼ਬਰ ਜ਼ੋਨ ਪੱਧਰੀ ਬੈਡਮਿੰਟਨ ਪ੍ਰਤੀਯੋਗਤਾ ’ਚ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਨੇ ਹਾਸਿਲ ਕੀਤਾ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।