ਪੰਜਾਬ ਪੱਧਰ ’ਤੇ ਸ਼ੁਰੂ ਹੋਈ ਕਾਂਗਰਸ ਦੀ ਆਪਸੀ ਫੁੱਟ ਹੁਣ ਵਿਧਾਨ ਸਭਾ ਹਲਕੇ ਦੀਆਂ ਸੜਕਾਂ ’ਤੇ ਪੁੱਜੀ
ਅਜੀਤ ਡੈਸਕ
01-08-2026
ਫ਼ਾਜ਼ਿਲਕਾ, 31 ਜੁਲਾਈ-ਪੰਜਾਬ ਕਾਂਗਰਸ ’ਚ ਪੈਦਾ ਹੋਈ ਧੜੇਬੰਦੀ ਖ਼ਤਮ ਹੋਣ ਦੀ ਬਜਾਏ ਦਿਨ ਬਦਿਨ ਵਿਧਾਨ ਸਭਾ ਹਲਕਿਆਂ ਦੇ ਸੜਕਾਂ ’ਤੇ ਆ ਪੁੱਜੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ। ਜਿੱਥੇ ਉਨ੍ਹਾਂ ਆਪਣੀ ਤੇਜ਼ ਤਰਾਰ ਬਿਆਨਬਾਜ਼ੀ ਨਾਲ ਵਰਕਰਾਂ ਨੂੰ ਨਮੋਸ਼ੀ ਨਹੀਂ ਆਉਣ ਦਿੱਤੀ ਅਤੇ ਲੋਕ ਸਭਾ ਚੋਣਾਂ ਮੌਕੇ ਵੀ ਸੰਤੁਸ਼ਟੀਜਨਕ ਕਾਰਗੁਜ਼ਾਰੀ ਦਿਖਾਈ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸੂਬਾ ਪੱਧਰੀ ਕਾਂਗਰਸੀ ਆਗੂਆਂ ਨੂੰ ਕਾਂਗਰਸ ਸਰਕਾਰ ਸਮੇਂ ਕੀਤੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਕੱਢਣ ਦੇ ਮਾਰੇ ਦਬਕੇ ਤੋਂ ਸਹਿਮੇ ਆਗੂ ਜੋ ਹੁਣ ਵਿਧਾਨ ਸਭਾ ਚੋਣਾਂ ਆਉਂਦੀਆਂ ਦੇਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ ਹਨ। ਬਹੁਤਾਤ ਕਾਂਗਰਸੀ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਖੜ੍ਹੇ ਹੋ ਗਏ। ਰੋਜ਼ਾਨਾ ਇਨ੍ਹਾਂ ਸੂਬਾਈ ਕਾਂਗਰਸੀ ਆਗੂਆਂ ਦੀ ਧੜੇਬੰਦੀ ਕਿਧਰੇ ਨਾ ਕਿਧਰੇ ਸਟੇਜਾਂ ’ਤੇ ਦੇਖਣ ਨੂੰ ਮਿਲ ਰਹੀ ਹੈ। ਹੁਣ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤੀ ਕੀਤੀਆਂ ਟਿੱਪਣੀਆਂ ਤੋਂ ਬਾਅਦ ਕਾਂਗਰਸੀਆਂ ਦੀ ਆਪਸੀ ਲੜਾਈ ਹੁਣ ਸੜਕਾਂ ’ਤੇ ਦੇਖਣ ਨੂੰ ਮਿਲ ਰਹੀ ਹੈ। ਜਿਸ ਤਰ੍ਹਾਂ ਫ਼ਾਜ਼ਿਲਕਾ ਅੰਦਰ ਕਾਂਗਰਸੀ ਵਰਕਰਾਂ ਵਲੋਂ ਸੂਬਾ ਪ੍ਰਧਾਨ ਦੇ ਹੱਕ ਵਿਚ ਬੋਲਦਿਆਂ ਸਾਂਸਦ ਘੁਬਾਇਆ ਦਾ ਪੁਤਲਾ ਫੂਕਿਆ ਗਿਆ, ਇਸ ਤੋਂ ਸਪਸ਼ਟ ਹੈ ਕਿ ਭਵਿੱਖ ਵਿਚ ਕਾਂਗਰਸ ਦੀ ਅੰਦਰੂਨੀ ਫੁੱਟ ਦਿਨ ਬਦਿਨ ਹੇਠਲੇ ਪੱਧਰ ’ਤੇ ਵੀ ਵੱਧ ਰਹੀ ਹੈ। ਫ਼ਾਜ਼ਿਲਕਾ ਜ਼ਿਲ੍ਹਾ ਕਈ ਦਹਾਕੇ ਪਹਿਲਾਂ ਕਾਂਗਰਸ ਪਾਰਟੀ ਦਾ ਗੜ੍ਹ ਗਿਣਿਆ ਜਾਂਦਾ ਸੀ। ਹੌਲੀ-ਹੌਲੀ ਕਾਂਗਰਸ ਦੀ ਅੰਦਰੂਨੀ ਫੁੱਟ ਇੱਥੋਂ ਤੱਕ ਵੱਧ ਗਈ ਕਿ ਕਈ ਟਕਸਾਲੀ ਕਾਂਗਰਸੀ ਪਾਰਟੀ ਨੂੰ ਅਲਵਿਦਾ ਕਹਿ ਗਏ ਅਤੇ ਕਈ ਟਕਸਾਲੀ ਕਾਂਗਰਸੀ ਚੁੱਪ ਕਰਕੇ ਘਰ ਬੈਠ ਗਏ। ਜੋ ਨਵੇਂ ਬਾਕੀ ਬਚੇ ਉਹ ਆਪਸੀ ਫੁੱਟ ਦਾ ਸ਼ਿਕਾਰ ਹੋ ਚੁੱਕੇ ਹਨ। ਸਿਆਸੀ ਸਮੀਕਰਨਾਂ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਲੋਕਾਂ ਵਲੋਂ ਨਹੀਂ ਹਰਾਈ ਜਾਂਦੀ ਸੀ, ਸਗੋਂ ਇਸ ਨੂੰ ਕਾਂਗਰਸ ਦੀ ਆਪਸੀ ਅੰਦਰੂਨੀ ਫੁੱਟ ਹੀ ਹਾਰ ਦਾ ਕਾਰਨ ਬਣਾਉਂਦੀ ਸੀ। ਜਿਸ ਦਾ ਅਸਰ ਇਹ ਹੋਇਆ ਕਿ ਕਾਂਗਰਸ ਪਾਰਟੀ ਦੀ ਵੋਟ ਪ੍ਰਤੀਸ਼ਤ ਦਿਨ ਬਦਿਨ ਘਟਦੀ ਗਈ। ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਪਾਰਟੀ ਦੀ ਸਿਆਸੀ ਸਥਿਤੀ ਨਿਰਾਸ਼ਾਜਨਕ ਹੈ। ਬਾਕੀ ਫ਼ਾਜ਼ਿਲਕਾ ਅਤੇ ਜਲਾਲਾਬਾਦ ਅੰਦਰ ਖੱਖੜੀਆਂ ਕਰੇਲੇ ਹੋਈ ਕਾਂਗਰਸ ਪਾਰਟੀ ਪਹਿਲਾ ਹੀ ਆਕਸੀਜਨ ਦੇ ਸਹਾਰੇ ਚੱਲ ਰਹੀ ਹੈ। ਦੋਨੋਂ ਵਿਧਾਨ ਸਭਾ ਹਲਕਿਆਂ ਅੰਦਰ ਚੋਣ ਲੜਨ ਦੇ ਚਾਹਵਾਨ ਨਿੱਤ ਆਪਣੇ ਵੱਖੋ-ਵੱਖ ਤਾਕਤ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਕਈ ਜ਼ਿਲ੍ਹੇ ਤੋਂ ਬਾਹਰੀ ਹਲਕਿਆਂ ਤੋਂ ਕਾਂਗਰਸੀ ਆਗੂ ਇੱਥੋਂ ਚੋਣ ਲੜਨ ਦੇ ਚਾਹਵਾਨ ਵੀ ਦੱਸੇ ਜਾਂਦੇ ਹਨ ਪਰ ਜਿਸ ਤਰ੍ਹਾਂ ਕਾਂਗਰਸ ਦੀ ਅੰਦਰੂਨੀ ਫੁੱਟ ਸੜਕਾਂ ’ਤੇ ਆ ਗਈ ਹੈ ਤਾਂ ਇਸ ਨਾਲ ਕਾਂਗਰਸ ਦਾ 2027 ’ਚ ਸਰਕਾਰ ਬਣਾਉਣ ਦਾ ਮਿਸ਼ਨ ਕਿਵੇਂ ਪੂਰਾ ਹੋਵੇਗਾ। ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਨ ਨੇ ਸਖ਼ਤੀ ਨਾਲ ਕੋਈ ਅਨੁਸ਼ਾਸਨ ਲਾਗੂ ਨਾ ਕੀਤਾ ਤਾਂ ਪਾਰਟੀ ਦਾ ਹਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਮਾੜਾ ਹੋਵੇਗਾ। ਪਾਰਟੀ ’ਚ ਸਿਰਫ਼ ਲੀਡਰ ਹੀ ਲੀਡਰ ਰਹਿਣਗੇ, ਆਮ ਵਰਕਰ ਅਤੇ ਵੋਟਰ ਆਗੂਆਂ ਦੇ ਡਰਾਮੇ ਦੇਖ ਪਾਰਟੀ ਤੋਂ ਦੂਰ ਹੋ ਜਾਵੇਗਾ।