ਜ਼ੀਰਾ,31 ਜੁਲਾਈ (ਰਜਨੀਸ਼ ਕਥੂਰੀਆ)-ਵਾਤਾਵਰਨ ਨੂੰ ਪਰਨਾਈ ਸੰਸਥਾ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਮੌਨਸੂਨ ਦੀ ਆਮਦ ਨੂੰ ਮੁੱਖ ਰੱਖਦਿਆਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਸਟੇਡੀਅਮ ਦੇ ਆਲ਼ੇ ਦੁਆਲੇ ਨਿੰਮ ਅਤੇ ਟਾਹਲੀ ਦੇ ਬੂਟੇ ਲਗਾਏ ਗਏ। ਇਸ ਮੌਕੇ ਧਰਮ ਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਨਿੰਮ ਦਾ ਬੂਟਾ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ । ਇਸ ਮੌਕੇ ਧਰਮ ਪਾਲ ਚੁੱਘ ਨੇ ਪ੍ਰਕਿਰਤੀ ਕਲੱਬ ਵਲੋਂ ਵਾਤਾਵਰਨ ਸੰਭਾਲ ਦੇ ਕੰਮਾਂ ਲਈ ਕਲੱਬ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਪ੍ਰਕਿਰਤੀ ਕਲੱਬ ਨੂੰ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਕਿਰਤੀ ਕਲੱਬ ਵਾਤਾਵਰਨ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ । ਟਾਹਲੀ ਅਤੇ ਨਿੰਮ ਆਦਿ ਵਰਗੇ ਰਵਾਇਤੀ ਰੁੱਖ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਕਲੱਬ ਵਲੋਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੀਆਂ ਮੋਟਰਾਂ ਅਤੇ ਖਾਲੀ ਥਾਵਾਂ ’ਤੇ ਬੂਟੇ ਲਗਾਉਣ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ। ਇਸ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪਹਿਲੇ ਚਰਨ ਵਿਚ ਪਿੰਡ ਚੋਹਲਾ ਵਿਖੇ ਜਸਵੰਤ ਸਿੰਘ ਨਾਮਦੇਵ ਦੇ ਖੇਤਾਂ ਵਿਚ 30 ਬੂਟੇ ਲਗਾਏ ਜਾਣਗੇ। ਇਸ ਦੌਰਾਨ ਮੁੱਖ ਮਹਿਮਾਨ ਧਰਮ ਪਾਲ ਚੁੱਘ ਨੂੰ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਸੁਰਿੰਦਰ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਚਰਨਪ੍ਰੀਤ ਸਿੰਘ ਸੋਨੂੰ, ਅਸ਼ੋਕ ਕਥੂਰੀਆ, ਜਗਜੀਤ ਸਿੰਘ ਪਟਵਾਰੀ, ਰਵੀ ਕੁਮਾਰ ਕਾਨੂੰਗੋ, ਕ੍ਰਿਸ਼ਨ ਕੁਮਾਰ ਕਾਨੂੰਗੋ ਮਾਸਟਰ ਰਾਜਵਿੰਦਰ ਸਿੰਘ, ਬੋਘ ਸਿੰਘ ਥਾਣੇਦਾਰ, ਜੁਗਰਾਜ ਸਿੰਘ ਭੂਈ, ਸੁਰੇਸ਼ ਕੁਮਾਰ ਕਾਲਾ, ਜਗਬੀਰ ਸਿੰਘ ਮਰਖਾਈ, ਮਨਦੀਪ ਸਿੰਘ ਸੱਗੂ, ਮਾਸਟਰ ਸੁਰਜੀਤ ਸਿੰਘ, ਬਲਜਿੰਦਰ ਸਿੰਘ ਸੰਧੂ, ਹਰਜੀਤ ਸਿੰਘ ਸਚਦੇਵਾ, ਹਰਜਿੰਦਰ ਸਿੰਘ ਨਾਰੰਗ, ਗੁਰਭੇਜ ਸਿੰਘ ਸਿੱਧੂ, ਤੇਜਿੰਦਰ ਸਿੰਘ ਤੇਜਾ, ਬਾਜ ਸਿੰਘ, ਅਤੇ ਸਰਬਜੀਤ ਸਿੰਘ ਨਾਮਦੇਵ ਆਦਿ ਹਾਜ਼ਰ ਸਨ।