ਅੰਮਿ੍ਤਸਰ, 15 ਫਰਵਰੀ (ਸੁਰਿੰਦਰ ਕੋਛੜ)-ਚਰਚ ਆਫ਼ ਨਾਰਥ ਇੰਡੀਆ (ਸੀ. ਐੱਨ. ਆਈ.) ਦੇ ਮਾਟੋ ਏਕਤਾ, ਗਵਾਹੀ ਅਤੇ ਸੇਵਾ ਨੂੰ ਅਪਣਾਉਂਦੇ ਹੋਏ ਡਾਇਓਸਿਸ ਆਫ਼ ਅੰਮਿ੍ਤਸਰ ਸੀ. ਐੱਨ. ਆਈ. ਨੇ ਅਲੈਗਜ਼ੈਂਡਰਾ ਸਕੂਲ ਕੈਂਪਸ ਵਿਚ ਸ਼ਾਨਦਾਰ ਫਨਫੇਅਰ ਦਾ ਆਯੋਜਨ ਕਰਕੇ ਆਪਣਾ 74ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ | ਇਸ ਪ੍ਰੋਗਰਾਮ ਦਾ ਥੀਮ 'ਸ਼ੁਕਰਗੁਜ਼ਾਰ ਦਿਲ, ਵਫ਼ਾਦਾਰ ਗਵਾਹੀ' ਭਾਰਤ ਦੀ ਵਿਭਿੰਨਤਾ ਵਿਚ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਸੀ, ਜਿਸ ਵਿਚ ਉਪ-ਮਹਾਂਦੀਪ ਦੇ ਚੋਣਵੇਂ ਪਕਵਾਨ, ਰੰਗੀਨ ਕਾਰਨੀਵਾਲ, ਫਨ ਫੇਅਰ ਅਤੇ ਬੱਚਿਆਂ ਨੌਜਵਾਨਾਂ ਲਈ ਦਿਲਚਸਪ ਗਤੀਵਿਧੀਆਂ ਸ਼ਾਮਿਲ ਸਨ | 'ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ਼ ਅੰਮਿ੍ਤਸਰ, ਚਰਚ ਆਫ਼ ਨਾਰਥ ਇੰਡੀਆ ਨੇ ਦੱਸਿਆ ਕਿ ਇਹ ਡਾਇਓਸਿਸ ਸੰਨ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਸਾਬਕਾ ਐਂਗਲੀਕਨ ਚਰਚ ਦੀ ਲਾਹੌਰ ਡਾਇਓਸੀਸ ਤੋਂ ਬਣਾਈ ਗਈ ਅਤੇ ਬਾਅਦ ਵਿਚ ਇਸ ਨੂੰ ਚਰਚ ਆਫ਼ ਨਾਰਥ ਇੰਡੀਆ ਵਿਚ ਮਿਲਾ ਦਿੱਤਾ ਗਿਆ | ਅੱਜ ਇਹ ਡਾਇਓਸਿਸ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਚ ਉਮੀਦ ਦੀ ਕਿਰਨ ਵਜੋਂ ਕੰਮ ਕਰਦੀ ਹੈ ਅਤੇ ਇਸ ਦਾ ਧਿਆਨ ਇਨ੍ਹਾਂ ਰਾਜਾਂ ਵਿਚ ਸਿੱਖਿਆ, ਸਿਹਤ ਸੰਭਾਲ ਅਤੇ ਭਾਈਚਾਰਕ ਵਿਕਾਸ 'ਤੇ ਕੇਂਦਰਿਤ ਹੈ | ਬਿਸ਼ਪ ਚਰਨ ਦੀ ਅਗਵਾਈ ਹੇਠ ਇਹ ਡਾਇਓਸਿਸ ਵਿਸ਼ੇਸ਼ ਸ਼ਾਂਤੀ ਪਹਿਲ, ਮਹਿਲਾ ਸਸ਼ਕਤੀਕਰਨ ਅਤੇ ਵਾਤਾਵਰਨ ਸੁਰੱਖਿਆ ਵਰਗੀਆਂ ਪਹਿਲਕਦਮੀਆਂ ਰਾਹੀਂ ਸ਼ਾਂਤੀ, ਨਿਆਂ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ |