ਸੁਲਤਾਨਵਿੰਡ, 15 ਫਰਵਰੀ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਾਬਾ ਜੀਵਨ ਸਿੰਘ ਵਿਖੇ ਰਹਾਇਸ਼ੀ ਇਲਾਕੇ ਵਿਚ ਇਕ ਖਾਲੀ ਪਲਾਟ ਵਿਚ ਲੋਕਾਂ ਵਲੋਂ ਸੁੱਟਿਆ ਜਾ ਰਿਹਾ ਕੂੜਾ ਕਰਕਟ ਜਿੱਥੇ ਭਿਆਨਕ ਬਿਮਾਰੀਆਂ ਫੈਲਾ ਰਿਹਾ ਹੈ ਉੱਥੇ ਹੀ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਰਕਾਰ ਵਲੋਂ ਸਾਫ ਸਫਾਈ ਅਤੇ ਵਿਕਾਸ ਕਾਰਜਾਂ ਦੇ ਵੱਡੇ- ਵੱਡੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਪਰ ਸਾਰਾ ਕੁਝ ਉਲਟ ਹੋ ਰਿਹਾ ਹੈ | ਥਾਂ-ਥਾਂ ਕੂੜੇ ਦੇ ਲੱਗੇ ਢੇਰ, ਬੰਦ ਪਏ ਸੀਵਰੇਜ, ਸੜਕਾਂ 'ਤੇ ਪਿਆ ਗੰਦ ਅਤੇ ਸੀਵਰੇਜਾਂ ਦਾ ਗੰਦਾ ਪਾਣੀ ਜੋ ਬਦਬੂਅ ਮਾਰ ਰਿਹਾ ਹੈ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ | ਉਨਾਂ ਦੱਸਿਆ ਕਿ ਪਿੰਡ ਸੁਲਤਾਨਵਿੰਡ ਵਿਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਬੇ-ਟਾਇਮਾ ਹੀ ਆਉਂਦੀਆਂ ਹਨ ਜਿਸ ਕਰਕੇ ਕੂੜਾ ਇਕੱਠਾ ਹੋ ਜਾਂਦਾ ਹੈ ਅਤੇ ਕਈ ਕਈ ਦਿਨ ਪਿਆ ਰਹਿੰਦਾ ਹੈ | ਉਨਾਂ ਦੱਸਿਆ ਕਿ ਖਾਲੀ ਪਲਾਟਾਂ ਵਿਚ ਅਤੇ ਆਸ-ਪਾਸ ਇਲਾਕਿਆਂ ਵਿਚ ਪਿਆ ਕੂੜਾ ਕਈ ਵਾਰ ਲੜਾਈ ਦਾ ਕਾਰਨ ਬਣ ਜਾਂਦਾ ਹੈ | ਕੂੜੇ ਵਿਚੋਂ ਨਿਕਲ ਰਹੀ ਬਦਬੂਅ ਘਰਾਂ ਵਿਚ ਦਾਖਲ ਹੋ ਜਾਂਦੀ ਹੈ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਰੋਟੀ ਖਾਣੀ ਵੀ ਨਸੀਬ ਨਹੀਂ ਹੁੰਦੀ ਇਲਾਕਾ ਵਾਸੀ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਵਾਰਿਸਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਜਿਹੜੇ ਕੁਝ ਲੋਕ ਕੂੜਾ ਸੁੱਟ ਕੇ ਗੰਦ ਪਾਉਂਦੇ ਹਨ ਉਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਇਹ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੇ ਨਜ਼ਰ ਆ ਰਹੇ ਹਨ | ਇਲਾਕਾ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਰਾਂ ਦੇ ਨੇੜੇ ਅਤੇ ਖਾਲੀ ਪਲਾਟਾਂ ਵਿਚ ਇਕੱਠਾ ਹੋਏ ਕੂੜੇ ਨੂੰ ਚੁਕਵਾਉਣ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਅਤੇ ਜਿਹੜੇ ਕੁਝ ਲੋਕ ਕੂੜਾ ਸੁੱਟ ਕੇ ਗੰਦ ਪਾਉਂਦੇ ਹਨ ਉਨਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇ |