ਅੰਮਿ੍ਤਸਰ, 15 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ ਨੇ ਸੂਚਨਾ ਕੇਂਦਰ ਵਿਖੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਦਾ ਜੋ ਉਪਦੇਸ਼ ਦਿੱਤਾ ਗਿਆ ਹੈ ਉਸ ਨੂੰ ਆਪਣੇ ਅਮਲੀ ਜੀਵਨ ਵਿਚ ਵੀ ਅਪਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਅਜੇ ਵੀ ਜਾਤ-ਪਾਤ ਨੂੰ ਲੈ ਕੇ ਕੁਝ ਵਿਤਕਰਾ ਦੇਖਣ ਨੂੰ ਮਿਲਦਾ ਹੈ ਜੋ ਕਿ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਬਿਲਕੁੱਲ ਵਿਰੁੱਧ ਹੈ | ਗੜੀ ਨੇ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਂਦਿਆਂ ਉਹ ਸਮਾਜ ਵਿਚ ਹੋ ਰਹੇ ਇਸ ਵਿਤਕਰੇ ਨੂੰ ਵੀ ਹੋਰ ਵੀ ਨੇੜੇ ਤੋਂ ਮਹਿਸੂਸ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਾਲ ਵਿਚ ਉਨ੍ਹਾਂ ਦੇ ਦਫ਼ਤਰ ਵਿਚ 3750 ਸ਼ਿਕਾਇਤਾਂ ਜਾਤ-ਪਾਤ ਦੇ ਹੋ ਰਹੇ ਵਿਤਕਰੇ ਨਾਲ ਸੰਬੰਧਿਤ ਪਹੁੰਚ ਗਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਆਪਣੇ ਫ਼ਰਜ਼ਾਂ ਦੀ ਅਦਾਇਗੀ ਤੋਂ ਕਦੀ ਪਿੱਛੇ ਨਹੀਂ ਹੱਟੇਗਾ | ਸਵਾਲ ਦਾ ਜੁਆਬ ਦਿੰਦਿਆਂ ਗੜ੍ਹੀ ਨੇ ਕਿਹਾ ਕਿ ਕੁਝ ਰਾਜਨੀਤਿਕ ਆਗੂਆਂ ਦੀ ਸੋਚ ਵਿਚ ਅਜੇ ਵੀ ਜਾਤੀਵਾਦ ਘਰ ਕਰੀ ਬੈਠੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਵਾਰ-ਵਾਰ ਜਾਤੀਵਾਦ ਸੰਬੰਧੀ ਗਲਤ ਟਿੱਪਣੀਆਂ ਕਰ ਦਿੰਦੇ ਹਨ | ਗੜ੍ਹੀ ਨੇ ਕਿਹਾ ਕਿ ਉਨ੍ਹਾਂ ਅੱਜ ਵਾਹਿਗੁਰੂ ਅੱਗੇ ਇਹ ਵੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਅਜਿਹੇ ਲੋਕਾਂ ਨੂੰ ਸਮੁੱਤ ਬਖਸ਼ਣ ਜੋ ਸਮਾਜ ਨੂੰ ਜਾਤਾਂ-ਪਾਤਾਂ ਵਿਚ ਵੰਡਣ ਦੀ ਰਾਜਨੀਤੀ ਕਰਦੇ ਹਨ | ਇਸ ਮੌਕੇ ਐੱਸ.ਡੀ.ਐੱਮ. ਲੋਪੋਕੇ ਖੁਸ਼ਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ <br/>
ਅਜੀਤ ਡੈਸਕ
16-02-2026