ਰਾਜਾਸਾਂਸੀ, 18 ਫਰਵਰੀ (ਹਰਦੀਪ ਸਿੰਘ ਖੀਵਾ)-ਪੁਲਿਸ ਥਾਣਾ ਰਾਜਾਸਾਂਸੀ ਵਲੋਂ ਇਕ ਵਿਅਕਤੀ ਨੂੰ 29.04 ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦੇ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ, ਸ਼ਰਾਰਤੀ ਅਨਸਰਾਂ ਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣੇਦਾਰ ਕੁਲਬੀਰ ਸਿੰਘ, ਥਾਣੇਦਾਰ ਦਿਲਬਾਗ ਸਿੰਘ, ਹਵਾਲਦਾਰ ਪ੍ਰਕਾਸ਼ ਸਿੰਘ ਬਾਜਵਾ ਤੇ ਬਲਜਿੰਦਰ ਸਿੰਘ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਲ ਨਹਿਰ ਗੁਰਦੁਆਰਾ ਮੋਰਚਾ ਸਾਹਿਬ ਨੇੜੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਨਵੇਂ ਬਣ ਰਹੇ ਬਾਈਪਾਸ 'ਤੇ ਪਹੁੰਚੇ ਤਾਂ ਇੱਕ ਨੌਜਵਾਨ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲਿਸ ਨੂੰ ਵੇਖ ਕੇ ਇਕਦਮ ਪਿੱਛੇ ਮੁੜਿਆ ਤਾਂ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਰੇਸ਼ਮ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਹਰਸ਼ਾ ਛੀਨਾ ਵਿਚਲਾ ਕਿਲ੍ਹਾ ਵਜੋਂ ਹੋਈ | ਕਾਬੂ ਕੀਤੇ ਗਏ ਉਕਤ ਵਿਅਕਤੀ ਖਿਲਾਫ਼ ਨਸ਼ੀਲੇ ਪਦਾਰਥਾਂ ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵਲੋਂ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ |