ਅੰਮਿ੍ਤਸਰ, 18 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਯੂਥ ਟੂਰਿਜ਼ਮ ਸੁਸਾਇਟੀ ਅਤੇ ਟਰੈਵਲ ਐਂਡ ਟੂਰਿਜ਼ਮ ਵਿਭਾਗ ਨੇ ਸੈਰ-ਸਪਾਟਾ ਉਦਯੋਗ 'ਚ ਉਭਰ ਰਹੇ ਮੌਕਿਆਂ ਅਤੇ ਕਰੀਅਰ ਵਿਕਲਪਾਂ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸੈਰ-ਸਪਾਟਾ ਖੇਤਰ 'ਚ ਨਵੇਂ ਮੌਕਿਆਂ ਤੋਂ ਜਾਣੰੂ ਕਰਵਾਉਣਾ ਸੀ | ਆਪਣੇ ਸੰਬੋਧਨ 'ਚ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅੱਜ ਦੇ ਵਿਸ਼ਵ ਵਿਆਪੀ ਦਿ੍ਸ਼ 'ਚ, ਸੈਰ-ਸਪਾਟਾ ਉਦਯੋਗ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਰੁਜ਼ਗਾਰ ਦਾ ਇਕ ਮਹੱਤਵਪੂਰਨ ਸਰੋਤ ਬਣ ਗਿਆ ਹੈ | ਸਾਡਾ ਟੀਚਾ ਵਿਦਿਆਰਥੀਆਂ ਨੂੰ ਇਸ ਖੇਤਰ ਦੀਆਂ ਬਾਰੀਕੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਤ ਕਰਨ 'ਚ ਮਦਦ ਕਰਨਾ ਹੈ | ਡੀ. ਏ. ਵੀ. ਕਾਲਜ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਮੌਜੂਦਾ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ | ਇਸ ਸਮਾਗਮ 'ਚ ਗੋਲਡਨ ਟੈਂਪਲ ਟੂਰਿਜ਼ਮ ਅਫਸਰ ਰਾਜਵਿੰਦਰ ਕੌਰ ਅਤੇ ਏਅਰਪੋਰਟ ਟੂਰਿਜ਼ਮ ਅਫਸਰ ਰੀਆ ਗੁਪਤਾ ਨੇ ਈਕੋ-ਟੂਰਿਜ਼ਮ, ਵਿਰਾਸਤੀ ਟੂਰਿਜ਼ਮ ਅਤੇ ਡਿਜ਼ੀਟਲ ਮਾਰਕੀਟਿੰਗ ਵਰਗੇ ਵਿਸ਼ਿਆਂ 'ਤੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੈਰ-ਸਪਾਟੇ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ | ਵਿਭਾਗ ਮੁਖੀ, ਪ੍ਰੋ. ਸ਼ਿਲਪੀ ਸੇਠ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਦੇ ਰੁਝਾਨਾਂ ਤੋਂ ਜਾਣੰੂ ਰਹਿਣ ਅਤੇ ਬਿਹਤਰ ਕਰੀਅਰ ਬਣਾਉਣ 'ਚ ਮਦਦ ਕਰਨ ਲਈ ਭਵਿੱਖ 'ਚ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ |