ਰਾਜਾਸਾਂਸੀ, 18 ਫਰਵਰੀ (ਹਰਦੀਪ ਸਿੰਘ ਖੀਵਾ)-ਬੀਤੇ ਦੇਰ ਰਾਤ ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਰਾਣੇਵਾਲੀ ਦੇ ਦੋਸਤਾਂ ਨਾਲ ਗਏ ਇਕ ਨੌਜਵਾਨ ਲੜਕੇ ਦੀ ਮੌਤ ਹੋ ਗਈ, ਜਿਸ 'ਤੇ ਉਕਤ ਨੌਜਵਾਨ ਲੜਕੇ ਦੇ ਮਾਪਿਆਂ ਵਲੋਂ ਪਿੰਡ ਦੇ ਨੌਜਵਾਨਾਂ ਤੇ ਉਨ੍ਹਾਂ ਦੇ ਪੁੱਤ ਨੂੰ ਮਾਰ ਕੇ ਘਰ ਸੁੱਟਣ ਦਾ ਦੋਸ਼ ਲਗਾਇਆ ਗਿਆ ਹੈ | ਮਿ੍ਤਕ ਨੌਜਵਾਨ ਦੇ ਪਿਤਾ ਦਿਲਬਾਗ ਸਿੰਘ ਵਾਸੀ ਰਾਣੇਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪ੍ਰਣਾਮ ਸਿੰਘ ਜਿਸ ਦੀ ਉਮਰ ਕਰੀਬ 30 ਵਰ੍ਹੇ, ਤੇ ਉਸ ਦੀਆਂ ਦੋ ਧੀਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਸੋਨਾ ਤੇ ਲਾਡੀ ਬੀਤੇ ਦਿਨੀ ਸ਼ਾਮ 5 ਵਜੇ ਉਨ੍ਹਾਂ ਦੇ ਪੁੱਤਰ ਪ੍ਰਣਾਮ ਸਿੰਘ ਨੂੰ ਘਰੋਂ ਬੁਲਾ ਕੇ ਲੈ ਗਏ ਸਨ ਤੇ ਬਾਅਦ ਵਿਚ ਰਾਤ ਉਸ ਨੂੰ ਮਾਰ ਕੇ ਘਰ ਸੁੱਟ ਗਏ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਲਈ ਉਹ ਅੱਜ ਸਵੇਰੇ 8 ਵਜੇ ਪੁਲਿਸ ਥਾਣਾ ਰਾਜਾਸਾਂਸੀ ਪਹੁੰਚੇ ਪ੍ਰੰਤੂ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਹਰਸਿਮਰਤ ਕੌਰ ਵਲੋਂ ਉਨ੍ਹਾਂ ਦੀ ਕੋਈ ਗੱਲ ਸੁਣਵਾਈ ਨਹੀਂ ਕੀਤੀ ਗਈ ਤੇ ਅੜੀਅਲ ਰਵੱਈਈਆ ਵਰਤਿਆ ਗਿਆ | ਉਨ੍ਹਾਂ ਦੱਸਿਆ ਅਖੀਰ ਥਾਣੇ ਵਿਚ ਕਰੀਬ 10 ਘੰਟੇ ਖੱਜਲ ਖੁਆਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਜਬੂਰਨ ਆਪਣੇ ਪੁੱਤਰ ਦੀ ਲਾਸ਼ ਨੂੰ ਅਜਨਾਲਾ- ਅੰਮਿ੍ਤਸਰ ਮਾਰਗ 'ਤੇ ਰੱਖ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ | ਜਿਸ ਤੋਂ ਬਾਅਦ ਰਾਜਾਸਾਂਸੀ ਦੇ ਡੀ. ਐੱਸ. ਪੀ. ਨੀਰਜ ਅਨਾਰੀਆ ਪਹੁੰਚੇ ਤਾਂ ਉਨ੍ਹਾਂ ਵਲੋਂ ਭਰੋਸਾ ਦੇਣ ਉਪਰੰਤ ਹੀ ਧਰਨਾ ਸਮਾਪਤ ਕੀਤਾ ਗਿਆ ਹੈ | ਇਸ ਸੰਬੰਧੀ ਜਦ ਡੀ. ਐੱਸ. ਪੀ. ਨੀਰਜ ਅਨਾਰੀਆ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵਲੋਂ ਮਾਮਲੇ ਦੀ ਜਾਣਕਾਰੀ ਦੇਣ ਲਈ ਟਾਲ-ਮਟੋਲ ਕਰ ਦਿੱਤਾ ਗਿਆ | ਜਦ ਪੁਲਿਸ ਰਾਜਾਸਾਂਸੀ ਦੇ ਐੱਸ. ਐੱਚ. ਓ. ਨਾਲ ਫੋਨ 'ਤੇ ਰਾਬਤਾ ਕੀਤਾ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ |