ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਪੈਨਸ਼ਨਰਜ਼ ਫਰੰਟ ਦੀ ਹੰਗਾਮੀ ਮੀਟਿੰਗ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵੱਖ ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸਰਕਾਰ ਲੋਕ, ਮੁਲਾਜ਼ਮ, ਪੈਨਸ਼ਨਰਜ਼ ਵਿਰੋਧੀ ਹੈ | ਕੱਖ ਦੀ ਚੀਜ਼ 'ਤੇ ਮਜ਼ਹੂਰੀ ਲਈ ਲੱਖ ਖ਼ਰਚ ਰਹੀ ਹੈ | ਪੈਨਸ਼ਨ ਧਾਰਕਾਂ ਦੀ ਇਕ ਮੰਗ ਵੀ ਪੂਰੀ ਨਹੀਂ ਕੀਤੀ ਸਗੋਂ ਮੰਗਾਂ ਦਾ ਪਟਾਰਾ ਲਗਾਤਾਰ ਵੱਧ ਰਿਹਾ ਹੈ | ਗੁਆਂਢੀ ਰਾਜਾਂ ਦੇ ਪੈਨਸ਼ਨ ਧਾਰਕ ਸਾਡੇ ਤੋਂ 16 ਫੀਸਦੀ ਵੱਧ ਮਹਿੰਗਾਈ ਭੱਤਾ ਪ੍ਰਾਪਤ ਕਰ ਚੁੱਕੇ ਹਨ, ਸਾਡੇ ਰਾਜ ਦੇ ਉੱਚ ਅਧਿਕਾਰੀ ਵੀ 58 ਫੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ ਪਰ ਪੰਜਾਬ ਦੇ ਪੈਨਸ਼ਨ ਧਾਰਕ 42 ਫੀਸਦੀ ਮਹਿੰਗਾਈ ਭੱਤਾ ਹੀ ਲੈ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਆਈ. ਏ. ਐੱਸ. ਅਤੇ ਆਈ. ਪੀ. ਐਸ. ਅਧਿਕਾਰੀਆਂ ਨੂੰ ਮਹਿੰਗਾਈ ਭੱਤੇ ਲਈ ਬਾਕੀ ਮੁਲਾਜ਼ਮਾਂ ਨਾਲ ਲਿੰਕ ਕੀਤਾ ਜਾਵੇ, 58 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇ, ਪੈਨਸ਼ਨਰਜ਼ ਦੀ ਪੈਨਸ਼ਨ 2.59 ਨਾਲ ਸੋਧੀ ਜਾਵੇ, 25 ਸਾਲ ਸੇਵਾ ਮੁਕਤ ਨੂੰ ਪੂਰੀ ਪੈਨਸ਼ਨ ਦੇ ਕੇ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ | ਇਸ ਮੌਕੇ ਮੰਗਲ ਦਾਸ, ਰਣਜੀਤ ਸਿੰਘ ਮਹਿਲਵਾਲਾ, ਮਲੂਕ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਰਾਮਿੰਦਰ ਕੁਮਾਰ, ਹਰਜੀਤ ਸਿੰਘ, ਬਲਦੇਵ ਸਿੰਘ ਪਵਾਰ, ਹਰਭਜਨ ਸਿੰਘ ਗਿੱਲ ਹਾਜ਼ਰ ਸਨ |