ਮਜੀਠਾ, 17 ਮਈ ( ਜਗਤਾਰ ਸਿੰਘ ਸਹਿਮੀ)ਗੁਰੂ ਖਾਲਸਾ ਹਾਈ ਸਕੂਲ, ਸ਼ਾਮਨਗਰ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਵਾਰ ਸਕੂਲ ਨੇ 100 ਫੀਸਦੀ ਪਾਸ ਪ੍ਰਤੀਸ਼ਤ ਹਾਸਿਲ ਕਰਕੇ ਆਪਣੀ ਉੱਤਮ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਲਗਨ ਦਾ ਪ੍ਰਮਾਣ ਦਿੱਤਾ ਹੈ | ਸਕੂਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਸਕੂਲ ਦੇ ਕੁੱਲ 71 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਹਿੱਸਾ ਲਿਆ ਸਾਰਿਆਂ ਪਾਸ ਹੋ ਕੇ ਸਫਲਤਾ ਹਾਸਿਲ ਕੀਤੀ | ਇਸ ਸਫਲਤਾ ਵਿਚੋਂ 10 ਵਿਦਿਆਰਥੀ ਮੈਰਿਟ ਵਿਚ ਆਏ ਹਨ, ਜਿਨਾਂ ਨੇ ਉੱਚ ਨੰਬਰਾਂ ਨਾਲ ਆਪਣੀਆਂ ਯੋਗਤਾਵਾਂ ਦਾ ਲੋਹਾ ਮਨਵਾਇਆ ਹੈ | ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੀਆਂ ਉਪਲਬੱਧੀਆਂ ਵਿਚ ਮਹਿਕਦੀਪ ਕੌਰ ਨੇ ਪਹਿਲਾ ਦਰਜਾ ਹਾਸਿਲ ਕੀਤਾ | ਜਸਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੂਜਾ ਦਰਜਾ ਅਤੇ ਸੰਜਨਾ ਦੇਵੀ ਨੇ ਤੀਜਾ ਦਰਜਾ ਪ੍ਰਾਪਤ ਕੀਤਾ | ਇਨਾਂ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਇਸ ਸਫਲਤਾਵਾਂ ਦਾ ਸਿਹਰਾ ਸਕੂਲ ਪਿ੍ੰਸੀਪਲ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਰਗਦਰਸ਼ਨ ਨੂੰ ਦਿੱਤਾ ਹੈ | ਇਸ ਮੌਕੇ ਸਕੂਲ ਵਿਖੇ ਆਯੋਜਿਤ ਖਾਸ ਸਮਾਗਮ ਦੌਰਾਨ ਸਕੂਲ ਪਿ੍ੰਸੀਪਲ ਲਖਨਪਾਲ ਸਿੰਘ ਨੇ ਕਿਹਾ ਕਿ ਸਕੂਲ ਮੈਨੇਜਰ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਵਿਦਿਆਰਥੀਆਂ ਦੀ ਇਸ ਉਪਲਬੱਧੀ ਪਿੱਛੇ ਵੱਡਾ ਹੱਥ ਹੈ ਕਿਉਂਕਿ ਇਨਾਂ ਵਲੋਂ ਵੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਚੰਗੇ ਸੰਸਕਾਰਾਂ ਹਾਸਿਲ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ | ਪਿ੍ੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਉਪਲਬੱਧੀ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸਾਲਾਂ ਵਿਚ ਵੀ ਇਸੇ ਤਰਾਂ ਦੀ ਸਫਲਤਾ ਦੀ ਉਮੀਦ ਜਤਾਈ | ਇਸ ਮੌਕੇ ਉਕਤ ਤੋਂ ਇਲਾਵਾ ਵਾਇਸ ਪਿ੍ੰਸੀਪਲ ਸਿਮਰਨਜੀਤ ਕੌਰ, ਬਲਜੀਤ ਕੌਰ, ਸੁਪ੍ਰੀਤ ਸਿੰਘ, ਦੀਪਇੰਦਰ ਸਿੰਘ, ਮਨਪ੍ਰੀਤ ਕੌਰ, ਸੰਦੀਪ ਕੌਰ, ਜਗਰੂਪ ਕੌਰ, ਸੁਖਵਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |