05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਢੱਡੇ ਦੇ ਸੜਕ ਕਿਨਾਰੇ ਲੱਗੇ ਸੈਂਕੜੇ ਸਫੈਦੇ ਤੇ ਹੋਰ ਬੂਟੇ ਕੱਟਣ ਦਾ ਮਾਮਲਾ ਭਖਿਆ

ਅਜੀਤ ਡੈਸਕ 18-05-2026
ਟਾਹਲੀ ਸਾਹਿਬ/ ਕੱਥੂਨੰਗਲ, 17 ਮਈ (ਵਿਨੋਦ ਭੀਲੋਵਾਲ/ਦਲਵਿੰਦਰ ਸਿੰਘ ਰੰਧਾਵਾ)-ਕੱਥੂਨੰਗਲ ਥਾਣਾ ਅਧੀਨ ਪੈਂਦੇ ਪਿੰਡ ਢੱਡੇ ਵਿਚ ਸਰਕਾਰੀ ਜਗ੍ਹਾ ਉੱਪਰ ਲੱਗੇ ਸਫੈਦੇ ਦੇ ਬੂਟੇ ਨਜਾਇਜ਼ ਤੌਰ 'ਤੇ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਅਤੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਢੱਡੇ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਪਿੰਡ ਢੱਡੇ ਤੋਂ ਪਿੰਡ ਭੱਲਰ ਨੂੰ ਜਾਂਦੀ ਸੜਕ ਦੇ ਕਿਨਾਰੇ ਸਰਕਾਰੀ ਜਗ੍ਹਾ ਵਿਚ ਲੱਗੇ ਸੈਂਕੜੇ ਵੱਡੇ ਵੱਡੇ ਸਫੈਦੇ ਤੇ ਹੋਰ ਬੂਟੇ ਕੱਟ ਲਏ ਗਏ ਹਨ | ਪਿੰਡ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਾਬਕਾ ਮੈਂਬਰ ਪੰਚਾਇਤ ਰਸ਼ਪਾਲ ਸਿੰਘ ਤੇ ਪਿੰਡ ਵਾਸੀਆਂ ਵਾਤਾਵਰਣ ਪ੍ਰੇਮੀਆਂ ਦਾ ਦੋਸ਼ ਹੈ ਕਿ ਇਹ ਬੂਟੇ ਕਾਫ਼ੀ ਸਾਲਾਂ ਤੋਂ ਸਰਕਾਰੀ ਜਗ੍ਹਾ ਉੱਪਰ ਲੱਗੇ ਹੋਏ ਸਨ ਅਤੇ ਇਲਾਕੇ ਦੀ ਹਰਿਆਵਲੀ ਦਾ ਹਿੱਸਾ ਸਨ | ਦਰੱਖਤਾਂ ਦੀ ਕਟਾਈ ਨਾਲ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਿਆ ਹੈ, ਸਗੋਂ ਸਰਕਾਰੀ ਸੰਪਤੀ ਨੂੰ ਵੀ ਹਾਨੀ ਹੋਈ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਜਗ੍ਹਾ ਉੱਪਰ ਲੱਗੇ ਦਰੱਖਤਾਂ ਨੂੰ ਬਿਨਾਂ ਮਨਜ਼ੂਰੀ ਕੱਟਣਾ ਕਾਨੂੰਨੀ ਤੌਰ 'ਤੇ ਗਲਤ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ | ਇਸ ਘਟਨਾ ਤੋਂ ਬਾਅਦ ਪਿੰਡ ਦੇ ਕਈ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਵਾਤਾਵਰਣ ਬਚਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਦੂਜੇ ਪਾਸੇ ਸਰਕਾਰੀ ਜਗ੍ਹਾ ਉੱਪਰ ਲੱਗੇ ਦਰੱਖਤਾਂ ਦੀ ਕਟਾਈ ਹੋਣਾ ਚਿੰਤਾ ਦਾ ਵਿਸ਼ਾ ਹੈ | ਜੇਕਰ ਇਸ ਤਰ੍ਹਾਂ ਬਿਨ੍ਹਾਂ ਕਾਰਵਾਈ ਦੇ ਦਰੱਖਤ ਕੱਟੇ ਜਾਂਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਹਰਿਆਵਲੀ ਨੂੰ ਵੱਡਾ ਨੁਕਸਾਨ ਪਹੁੰਚੇਗਾ | ਇਸ ਮੌਕੇ ਫ੍ਰੀ ਬੂਟੇ ਸੇਵਾ ਸੁਸਾਇਟੀ ਦੇ ਪ੍ਰਧਾਨ ਬਿਕਰਮ ਸਿੰਘ, ਜਨਰਲ ਸਕੱਤਰ ਧਰਮਪਾਲ ਤੇ ਹੋਰ ਵਾਤਾਵਰਣ ਪ੍ਰੇਮੀਆਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ, ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਦਰਖਤ ਕੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ | ਨਹੀਂ ਤੇ ਆਉਣ ਵਾਲੇ ਦਿਨਾਂ ਵਿਚ ਅੰਮਿ੍ਤਸਰ ਪਠਾਨਕੋਟ ਹਾਈਵੇਜ਼ ਜਾਮ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਸਬੰਧੀ ਜਦੋਂ ਸਾਬਕਾ ਸਰਪੰਚ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜ਼ਮੀਨ ਮੇਰੀ ਹੈ ਤੇ ਇਸ ਵਿਚ ਲਗਾਏ ਸਾਰੇ ਸਫੈਦੇ ਮੇਰੇ ਹਨ ਮੈਂ ਇਨ੍ਹਾਂ ਨੂੰ ਆਪਣੇ ਹੱਥੀ ਲਗਾਇਆ ਅਤੇ ਪਾਲਿਆ ਸੀ ਇਹ ਕੋਈ ਸਰਕਾਰੀ ਜਗ੍ਹਾ ਵਿਚ ਰੁੱਖ ਨਹੀਂ ਹਨ ਮੈਂ ਆਪਣੀ ਮਰਜੀ ਨਾਲ ਵੱਢੇ ਹਨ |
ਪਿਛਲੀ ਖ਼ਬਰ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਪੱਕੀ-ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਗਲੀ ਖ਼ਬਰ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਦਾ 12ਵੀਂ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।