08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅੱਜ ਵੀ ਬੁਝਾਰਤ ਹੈ ਤੀਜੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਗਿਣਤੀ- ਕੰਵਰਪਾਲ ਸਿੰਘ

ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਤੇ ਤੀਜੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਭਾਰਤੀ ਫੌਜ ਨਾਲ ਜੂਝਦਿਆਂ ਸ਼ਹੀਦ ਹੋਏ ਖਾੜਕੂ ਸਿੰਘ, ਸਿੰਘਣੀਆਂ ਤੋਂ ਇਲਾਵਾ ਗੁਰੂ ਘਰ ਦਰਸ਼ਨ ਕਰਨ ਆਏ ਹੋਰ ਆਮ ਸ਼ਰਧਾਲੂਆਂ ਦੀਆਂ ਸ਼ਹਾਦਤਾਂ ਹੋਇਆਂ ਕਰੀਬ ਚਾਰ ਦਹਾਕੇ ਹੋ ਗਏ ਹਨ ਅਤੇ ਜਖ਼ਮ ਅੱਜ 42 ਸਾਲ ਬਾਅਦ ਵੀ ਅੱਲੇ ਹਨ, ਪਰ ਚਿੰਤਾ ਦੀ ਗੱਲ ਹੈ ਕਿ ਅਜੇ ਤੱਕ ਵੀ ਸਿੱਖ ਸੰਸਥਾਵਾਂ ਇਸ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸ਼ਰਧਾਲੂਆਂ ਦੀ ਅਸਲ ਗਿਣਤੀ, ਉਨ੍ਹਾਂ ਦੀਆਂ ਤਸਵੀਰਾਂ ਤੇ ਨਾਵਾਂ ਦਾ ਸਮੁੱਚਾ ਰਿਕਾਰਡ ਤਿਆਰ ਨਹੀਂ ਕਰ ਸਕੀਆਂ | ਘੱਲੂਘਾਰਾ ਹਫ਼ਤੇ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦੀ ਜਥੇਬੰਦੀ ਨੇ ਸੰਨ੍ਹ 2006 ਸ਼ਹੀਦ ਹੋਏ ਸਿੰਘ ਸਿੰਘਣੀਆਂ ਤੇ ਸ਼ਰਧਾਲੂੁਆਂ ਦੇ ਨਾਂਅ ਪਤੇ ਅਤੇ ਤਸਵੀਰਾਂ ਦਾ ਰਿਕਾਰਡ ਤਿਆਰ ਕਰਨ ਲਈ ਮੁਹਿੰਮ ਅਰੰਭ ਕੀਤੀ ਤੇ ਸਾਡੀਆਂ ਟੀਮਾਂ ਸ਼ਹੀਦਾਂ ਸੰਬੰਧੀ ਵੇਰਵੇ ਪ੍ਰਾਪਤ ਕਰਦਿਆਂ ਹੋਇਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਗਈਆਂ ਤੇ ਰਿਕਾਰਡ ਇਕੱਠਾ ਕੀਤਾ | ਉਨ੍ਹਾਂ ਕਿਹਾ ਕਿ ਪਹਿਲੀ ਵਾਰ 'ਸ਼ਹੀਦੀ ਡਾਇਰੈਕਟਰੀ ਜੂਨ 1984' ਪ੍ਰਕਾਸ਼ਿਤ ਕੀਤੀ ਗਈ ਤੇ ਫਿਰ ਅਗਲੇ 6 ਸਾਲਾਂ ਦੌਰਾਨ ਹੋਰ ਵਾਧੇ ਸਹਿਤ ਇਸ ਦੇ ਤਿੰਨ ਐਡੀਸ਼ਨ ਛਾਪੇ ਗਏ ਤੇ ਸਾਡੇ ਰਿਕਾਰਡ ਅਨੁਸਾਰ ਅੰਦਰ ਜੂਝਦਿਆਂ ਹੋਇਆਂ 233 ਸ਼ਹੀਦਾਂ ਦਾ ਪਤਾ ਲੱਗਾ ਹੈ | ਉਨ੍ਹਾਂ ਕਿਹਾ ਕਿ ਜੂਝਦਿਆਂ ਹੋਇਆਂ ਅੰਦਰ ਸ਼ਹੀਦ ਹੋਣ ਵਾਲੇ 300 ਖਾੜਕੂਆਂ ਵਿਚ ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਬੱਬਰ ਖ਼ਾਲਸਾ ਅਤੇ ਅਖੰਡ ਕੀਰਤਨੀ ਜਥਾ ਦੇ ਸਿੰਘਾਂ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਕਾਰ ਸੇਵਾ ਵਾਲੇ 30 ਸਿੰਘਾਂ ਦਾ ਜਥਾ ਵੀ ਸ਼ਾਮਿਲ ਸੀ, ਪਰ ਇਹ ਰਿਕਾਰਡ ਅਜੇ ਅਧੂਰਾ ਹੈ | ਇਸ ਤੋਂ ਇਲਾਵਾ 3 ਜੂਨ ਨੂੰ ਸ਼ਹੀਦੀ ਗੁਰਪੁਰਬ ਮਨਾਉਣ ਲਈ ਅਤੇ ਧਰਮ ਯੁਧ ਮੋਰਚੇ ਵਿਚ ਗਿ੍ਫ਼ਤਾਰੀਆਂ ਦੇਣ ਲਈ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਪੁੱਜੇ ਹੋਏ ਸਨ | ਉਨ੍ਹਾਂ ਕਿਹਾ ਕਿ ਜੂਨ 1984 ਦਾ ਸੰਤਾਪ ਆਪਣੇ ਪਿੰਡਿਆਂ 'ਤੇ ਹੰਢਾਉਣ ਵਾਲੇ ਲੋਕ ਅਤੇ ਸ਼ਹੀਦਾਂ ਦੇ ਪਰਿਵਾਰਾਂ ਵਿਚੋਂ ਬਹੁਤ ਸਾਰੇ ਲੋਕ ਅੱਜ ਵੀ ਮੌਜੂਦ ਹਨ | ਸ਼ੋ੍ਰਮਣੀ ਕਮੇਟੀ ਨੂੰ ਅਜੇ ਵੀ ਗੁਰਦੁਆਰਾ ਸਾਹਿਬਾਨ ਰਾਹੀਂ ਜਾ ਵਿਸ਼ੇਸ਼ ਟੀਮ ਦੇ ਗਠਨ ਨਾਲ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸ਼ਹੀਦ ਹੋਏ ਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਸੂਚੀ ਤਿਆਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਕਿਵ ਸਚਿਆਰਾ ਹੋਈਐ' ਗੁਰਮਤਿ ਸਿਖ਼ਲਾਈ ਕੈਂਪ ਲਗਾਇਆ ਅਗਲੀ ਖ਼ਬਰ ਥ੍ਰੀ ਵੀਲਰ ਤੇ ਕਾਰ 'ਚ ਹੋਈ ਟੱਕਰ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।