ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਤੇ ਆਨ: ਸਕੱਤਰ ਰਮਣੀਕ ਸਿੰਘ ਫ੍ਰੀਡਮ ਦੀ ਰਹਿਨੁਮਾਈ ਵਿਚ ਦੀਵਾਨ ਨਾਲ ਸੰਬੰਧਤ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਚਾਰ ਦਿਨਾ ਗੁਰਮਤਿ ਸਿਖਲਾਈ ਕੈਂਪ 'ਕਿਵ ਸਚਿਆਰਾ ਹੋਈਐ' ਗੁਰਮਤਿ ਸਾਗਰ ਟਰਸੱਟ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ, ਜਿਸ ਵਿਚ ਦੀਵਾਨ ਦੇ ਵੱਖ ਵੱਖ ਸਕੂਲਾਂ ਦੇ 60 ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਵਿਦਿਆਰਥੀਆਂ ਨੂੰ ਗੁਰਬਾਣੀ, ਇਤਿਹਾਸ, ਸਮੇਂ ਦੇ ਹਾਣੀ ਬਣਾਉਣ ਲਈ ਆਧੁਨਿਕ ਵਿਦਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਹਿਮਾਂ-ਭਰਮਾਂ, ਕਰਮ-ਕਾਂਡਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਉਪਰੋਕਤ ਵਿਸ਼ਿਆਂ ਲਈ ਜਾਣਕਾਰੀ ਸਾਂਝੀ ਕਰਨ ਲਈ ਡਾ. ਨਵਲਪ੍ਰੀਤ ਸਿੰਘ ਮਾਸ ਮੀਡੀਆ ਮਾਹਿਰ, ਵਾਇਸ ਪਿ੍ੰਸੀਪਲ ਸੁਖਵਿੰਦਰ ਸਿੰਘ ਦਦੇਹਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਪਿ੍ੰਸੀਪਲ ਹਰਵੀਰ ਸਿੰਘ, ਗਿਆਨੀ ਜਸਵਿੰਦਰ ਸਿੰਘ ਚੰਡੀਗੜ੍ਹ, ਉੱਘੇ ਸਿੱਖ ਪ੍ਰਚਾਰਕ ਸੁਖਵਿੰਦਰ ਸਿੰਘ ਰਟੌਲ ਅਤੇ ਡਾ: ਅਮਿਤੋਜ਼ ਸਿੰਘ ਅਨੰਦਪੁਰ ਸਾਹਿਬ ਨੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਾਲ ਸਵਾਲ ਜੁਆਬ ਸਾਂਝੇ ਕੀਤੇ | ਕੈਂਪ ਦੇ ਆਖ਼ਰੀ ਦਿਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕੁਲਜੀਤ ਸਿੰਘ 'ਸਿੰਘ ਬ੍ਰਦਰਜ', ਹਰਮਨਜੀਤ ਸਿੰਘ ਤੇ ਦੀਵਾਨ ਮੈਂਬਰ ਇੰਦਰਜੀਤ ਸਿੰਘ ਅੜੀ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਗੁਰਬਾਣੀ ਇਤਿਹਾਸ ਅਤੇ ਸਰਬੱਤ ਦੇ ਭਲੇ ਦੇ ਕਾਰਜ ਕਰਨ ਅਤੇ ਵਿੱਦਿਅਕ ਖੇਤਰ ਵਿਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਰਕੰਵਲ ਸਿੰਘ ਕੋਹਲੀ, ਕੈਂਪ ਕੋਆਰਡੀਨੇਟਰ ਸੁਖਜੀਤ ਕੌਰ, ਧਾਰਮਿਕ ਅਧਿਆਪਕ ਬੀਬੀ ਮਨਦੀਪ ਕੌਰ, ਹਰਪਾਲ ਸਿੰਘ, ਜਗਜੀਤ ਸਿੰਘ ਪੱਟੀ, ਅੰਮਿ੍ਤਪਾਲ ਸਿੰਘ ਜੰਡਿਆਲਾ, ਨਿਰਮਲ ਸਿੰਘ, ਸੇਵਾ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਕੈਂਪ ਵਿਚ ਵੱਖ ਵੱਖ ਬਰਾਂਚਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |