ਅੰਮ੍ਰਿਤਸਰ, 16 ਜੂਨ (ਹਰਮਿੰਦਰ ਸਿੰਘ)-ਸ਼ਹਿਰ ਦੀਆਂ ਜਨਤਕ ਥਾਵਾਂ ਨੂੰ ਆਮ ਲੋਕਾਂ ਲਈ ਸੁਰੱਖਿਅਤ ਅਤੇ ਸੁਖਮ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ ਕਬੀਰ ਪਾਰਕ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਯੂਟੀ ਮਾਰਕੀਟ ਵਿਚ ਵਿਸ਼ੇਸ਼ ਐਂਟੀ-ਇਨਕਰੋਚਮੈਂਟ ਮੁਹਿੰਮ ਚਲਾਈ ਗਈ। ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ-ਕਮ-ਐਸਟੇਟ ਅਫਸਰ ਸੁਸ਼ਾਂਤ ਭਾਟੀਆ, ਇੰਸਪੈਕਟਰ ਪ੍ਰੀਤੀ ਚੌਹਾਨ ਦੀ ਦੇਖ-ਰੇਖ ਹੇਠ ਅਸਟੇਟ ਵਿਭਾਗ ਦੀ ਟੀਮ ਵਲੋਂ ਚਲਾਈ ਗਈ। ਇਹ ਕਾਰਵਾਈ ਸਥਾਨਕ ਵਸਨੀਕਾਂ, ਵਿਦਿਆਰਥੀਆਂ, ਰਾਹਗੀਰਾਂ ਅਤੇ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਵਲੋਂ ਮਿਲੀਆਂ ਲਗਾਤਾਰ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤੀ ਗਈ। ਲੋਕਾਂ ਨੇ ਫੁੱਟਪਾਥਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਲੱਗੀਆਂ ਗ਼ੈਰ-ਅਧਿਕਾਰਤ ਰੇਹੜੀਆਂ ਅਤੇ ਅਸਥਾਈ ਕਬਜ਼ਿਆਂ ਕਾਰਨ ਹੋ ਰਹੀ ਪ੍ਰੇਸ਼ਾਨੀ ਵੱਲ ਨਿਗਮ ਦਾ ਧਿਆਨ ਦਿਵਾਇਆ ਸੀ। ਮੁਹਿੰਮ ਦੌਰਾਨ ਨਿਗਮ ਦੀ ਟੀਮ ਵਲੋਂ ਫੁੱਟਪਾਥਾਂ ਅਤੇ ਜਨਤਕ ਰਾਹਾਂ ‘ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ, ਜਿਸ ਨਾਲ ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਆਵਾਜਾਈ ਸੁਚਾਰੂ ਬਣੀ। ਇਹ ਪਹਲ ਸ਼ਹਿਰ ਨੂੰ ਹੋਰ ਪੈਦਲ ਯਾਤਰੀ-ਅਨੁਕੂਲ ਬਣਾਉਣ ਅਤੇ ਜਨਤਕ ਸਹੂਲਤਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸੜਕਾਂ ਅਤੇ ਫੁੱਟਪਾਥ ਲੋਕਾਂ ਦੀ ਸਾਂਝੀ ਸੰਪਤੀ ਹਨ ਅਤੇ ਇਨ੍ਹਾਂ ‘ਤੇ ਨਿੱਜੀ ਵਰਤੋਂ ਲਈ ਕਬਜ਼ਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਯਕੀਨੀ ਬਣਾਉਣਾ ਨਿਗਮ ਦੀ ਪ੍ਰਾਥਮਿਕਤਾ ਹੈ।
ਨਿਗਮ ਵਲੋਂ ਵੱਖ-ਵੱਖ ਇਲਾਕਿਆਂ ’ਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ
ਅਜੀਤ ਡੈਸਕ
17-06-2026