07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਨਗਰ ਨਿਗਮ ਨੇ ਗੰਦਗੀ ਫ਼ੈਲਾਉਣ ਵਾਲੇ 11 ਵਪਾਰਕ ਅਦਾਰਿਆਂ ਦੇ ਚਲਾਨ ਕੱਟੇ

ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ‘ਤੇ ਦੱਖਣੀ ਜ਼ੋਨ ਅਧੀਨ ਤਰਨਤਾਰਨ ਰੋਡ ‘ਤੇ ਨਿਗਮ ਦੀ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਦੌਰਾਨ ਸੜਕਾਂ ‘ਤੇ ਕੂੜਾ ਸੁੱਟ ਕੇ ਗੰਦਗੀ ਅਤੇ ਅਸਵੱਛ ਹਾਲਾਤ ਪੈਦਾ ਕਰਨ ਵਾਲੇ ਵਿਅਕਤੀਆਂ ਤੇ ਵਪਾਰਕ ਅਦਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ ਦੀ ਨਿਗਰਾਨੀ ਹੇਠ ਮੁੱਖ ਸੈਨੀਟੇਸ਼ਨ ਅਫ਼ਸਰ ਜੇ. ਪੀ. ਬੱਬਰ, ਮੁੱਖ ਸੈਨੀਟੇਸ਼ਨ ਇੰਸਪੈਕਟਰ ਰਮਨ ਕੁਮਾਰ, ਸੈਨੀਟੇਸ਼ਨ ਇੰਸਪੈਕਟਰ ਰਾਜਨ ਤੇ ਹੋਰ ਅਧਿਕਾਰੀਆਂ ਦੀ ਟੀਮ ਨੇ ਇਲਾਕੇ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ‘ਮਿਊਂਸਪਲ ਸੌਲਿਡ ਵੇਸਟ ਮੈਨੇਜਮੈਂਟ’ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਵਪਾਰਕ ਅਦਾਰੇ ਪਾਏ ਗਏ, ਜਿਨ੍ਹਾਂ ਦੇ 11 ਚਲਾਨ ਕੀਤੇ ਗਏ। ਜਿਨ੍ਹਾਂ ਅਦਾਰਿਆਂ ਦੇ ਚਲਾਨ ਕੀਤੇ ਗਏ ਉਨ੍ਹਾਂ ਵਿਚ ਗਰੋਵਰ ਬੇਕਰੀ, ਸੰਗਤ ਰਸੋਈ, ਬਾਬਾ ਮੈਡੀਕੋਜ਼, ਹਰੀ ਬੀਕਾਨੇਰ ਸਵੀਟਸ ਸਮੇਤ ਹੋਰ ਅਦਾਰੇ ਸ਼ਾਮਿਲ ਹਨ। ਸਾਰੇ ਉਲੰਘਣਾਕਾਰਾਂ ਨੂੰ ਆਪਣੇ ਅਦਾਰਿਆਂ ਦੇ ਬਾਹਰ ਸਫ਼ਾਈ ਬਣਾਈ ਰੱਖਣ ਅਤੇ ਕੂੜੇ ਦਾ ਵਿਗਿਆਨਕ ਅਤੇ ਨਿਯਮਾਂ ਅਨੁਸਾਰ ਨਿਪਟਾਰਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ। ਇਸ ਸੰਬੰਧੀ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਵਲੋਂ ਸੜਕਾਂ ‘ਤੇ ਕੂੜਾ ਸੁੱਟਣ, ਖੁੱਲ੍ਹੇ ‘ਚ ਕਚਰਾ ਡੰਪ ਕਰਨ ਤੇ ਜਨਤਕ ਸਫ਼ਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੁਬਾਰਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਰ ਸਖ਼ਤ ਕਾਨੂੰਨੀ ਕਾਰਵਾਈ, ਵੱਧ ਜੁਰਮਾਨੇ ਤੇ ਲੋੜ ਪੈਣ ‘ਤੇ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ, ਵਪਾਰਕ ਅਦਾਰਿਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਕੂੜਾਦਾਨਾਂ ਦੀ ਵਰਤੋਂ ਕਰਨ, ਸੜਕਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਨਗਰ ਨਿਗਮ ਦਾ ਸਹਿਯੋਗ ਕਰਨ।

ਪਿਛਲੀ ਖ਼ਬਰ ਜਮਾਤ-ਉਲ-ਅਹਿਰਾਰ ਦਾ ਸੰਚਾਲਨ ਬੁਨਿਆਦੀ ਢਾਂਚਾ ਅਫ਼ਗਾਨਿਸਤਾਨ ਨਹੀਂ ਪਾਕਿ ’ਚ ਸਥਿਤ ਅਗਲੀ ਖ਼ਬਰ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਗਊਸ਼ਾਲਾ ਕੰਪਲੈਕਸ ਵਿਖੇ ਉਰਸ ਪ੍ਰੋਗਰਾਮ ਹੋਣ ’ਤੇ ਇਤਰਾਜ਼ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।