ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 2025-26 ਸ਼ੈਸ਼ਨ ਦੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੇ ਗੱਲਬਾਤ ਦੌਰਾਨ ਕੀਤਾ | ਉਨਾਂ ਕਿਹਾ ਕਿ ਅੱਠਵੀਂ ਜਮਾਤ ਦਾ ਅੰਗਰੇਜ਼ੀ ਅਤੇ ਬਾਰ੍ਹਵੀਂ ਦਾ ਹੋਮ ਸਾਇੰਸ ਦਾ ਪੇਪਰ 17 ਫਰਵਰੀ 2026 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਸੰਬੰਧੀ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ | ਇਥੇ ਇਹ ਵਰਨਣਯੋਗ ਹੈ ਕਿ ਦਸਵੀਂ ਸ਼੍ਰੇਣੀ ਦੇ ਪੇਪਰ 6 ਮਾਰਚ ਤੋਂ ਆਰੰਭ ਹੋ ਰਹੇ ਹਨ | ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਜ਼ਿਲਾ ਤਰਨ ਤਾਰਨ ਦੇ ਬਾਰਵੀਂ ਜਮਾਤ ਦੇ 11957, ਦਸਵੀਂ ਜਮਾਤ ਦੇ 12786 ਅਤੇ ਅੱਠਵੀਂ ਜਮਾਤ ਦੇ 12827 ਵਿਦਿਆਰਥੀ ਪ੍ਰੀਖਿਆ ਵਿਚ ਬੈਠਣਗੇ | ਉਨਾਂ ਕਿਹਾ ਕਿ ਜ਼ਿਲੇ ਵਿਚ 118 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿੰਨਾ ਵਿਚ 118 ਸੁਪਰਡੈਂਟ ਅਤੇ 150 ਡਿਪਟੀ ਸੁਪਰਡੈਂਟ ਲਗਾਏ ਗਏ ਹਨ | ਉਨਾਂ ਕਿਹਾ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਜ਼ਿਲੇ ਵਿਚ 12 ਉੱਡਣ ਦਸਤੇ ਲਗਾਏ ਗਏ ਹਨ | ਉਨਾਂ ਕਿਹਾ ਕਿ ਡਿਊਟੀ ਦੌਰਾਨ ਗੈਰ ਸੰਜੀਦਗੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਿੱਖਿਆ ਵਿਭਾਗ ਸਖ਼ਤ ਕਾਰਵਾਈ ਕਰੇਗਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੇ ਜ਼ਿਲੇ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਪੇਪਰਾਂ ਲਈ ਸ਼ੁਭ ਇੱਛਾਵਾਂ ਦਿੱਤੀਆਂ | ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਤਰਨ ਤਾਰਨ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲਾ ਸਿੱਖਿਆ ਦਫ਼ਤਰ ਤਰਨ ਤਾਰਨ ਵਿਖੇ ਕੰਟਰੋਲ ਰੂਮ ਅਤੇ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ | ਪ੍ਰੀਖਿਆਵਾਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸ਼ਿਕਾਇਤ ਸੰਬੰਧੀ ਪਿ੍ੰਸੀਪਲ ਅਵਤਾਰ ਸਿੰਘ, ਲੈਕਚਰਾਰ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਡੀਲਿੰਗ ਹੈਂਡ ਇਕਬਾਲ ਸਿੰਘ, ਬਿਕਰਮਜੀਤ ਸਿੰਘ, ਬਲਜਿੰਦਰ ਸਿੰਘ ਅਤੇ ਸੁਖਬੀਰ ਸਿੰਘ ਕੰਗ ਹਾਜ਼ਰ ਸਨ |
ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 17 ਫਰਵਰੀ ਤੋਂ ਸ਼ੁਰੂ- ਡੀ.ਈ.ਓ. ਸਤਿਨਾਮ ਸਿੰਘ ਬਾਠ <br/>
ਅਜੀਤ ਡੈਸਕ
16-02-2026