ਪੱਟੀ, 1 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)ਔਰਤ ਮੁਕਤੀ ਮੋਰਚਾ ਵਲੋਂ ਪੱਟੀ ਦੇ ਸੋਹਣ ਲਾਲ ਪਾਠਕ ਪਾਰਕ ਵਿਚ ਗਦਰੀ ਲਹਿਰ ਨੂੰ ਆਪਣਾ ਸਮੂਹ ਜੀਵਨ ਸਮਰਪਿਤ ਕਰਨ ਵਾਲੀ ਅਤੇ ਭਾਰਤ ਦੀ ਪਹਿਲੀ ਕ੍ਰਾਂਤੀਕਾਰੀ ਔਰਤ ਵਜੋਂ ਜਾਣੀ ਜਾਂਦੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਸਨਮਾਨਿਤ ਤਰੀਕੇ ਨਾਲ ਮਨਾਈ ਗਈ | ਇਸ ਮੌਕੇ ਮੋਰਚੇ ਦੀ ਸੂਬਾਈ ਆਗੂ ਪ੍ਰੋ. ਰਘਬੀਰ ਕੌਰ ਅਤੇ ਪ੍ਰੋ. ਸੁਰਿੰਦਰ ਕੌਰ ਨੇ ਬੀਬੀ ਗੁਲਾਬ ਕੌਰ ਦੇ ਜੀਵਨ 'ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਕੇਵਲ 25 ਸਾਲ ਦੀ ਉਮਰ ਵਿਚ ਉਹ ਮਾਈ ਭਾਗੋ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਪਰਿਵਾਰ ਨੂੰ ਤਿਆਗ ਕੇ ਭੇਸ ਬਦਲਬਦਲ ਕੇ ਗਦਰੀ ਲਹਿਰ ਵਿਚ ਬੇਮਿਸਾਲ ਭੂਮਿਕਾ ਨਿਭਾਉਦੀ ਰਹੀ ਅਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਕੇ ਔਰਤ ਜਾਤ ਦਾ ਮੱਥਾ ਉੱਚਾ ਕੀਤਾ | ਸਮਾਗਮ ਵਿਚ ਕਾ. ਹਰਭਜਨ ਸਿੰਘ ਚੂਸਲੇਵੜ, ਧਰਮ ਸਿੰਘ ਪੱਟੀ ਅਤੇ ਮਹਾਂਬੀਰ ਗਿੱਲ ਨੇ ਮਿਸਾਲਾਂ ਨਾਲ ਜ਼ੋਰ ਦਿੱਤਾ ਕਿ ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਕੋਈ ਵੀ ਮੋਰਚਾ ਜਾਂ ਲਹਿਰ ਪ੍ਰਵਾਨ ਨਹੀਂ ਚੜ੍ਹ ਸਕਦੀ | ਇਸ ਦੌਰਾਨ ਹਾਜ਼ਰੀਨ ਵਲੋਂ 'ਸ਼ਹੀਦੋ, ਤੁਹਾਡੇ ਕਾਜ ਅਧੂਰੇ ਔਲਾ ਕੇ ਜਿੰਦੜੀਆਂ ਕਰਾਂਗੇ ਪੂਰੇ' ਵਰਗੇ ਨਾਅਰੇ ਲਗਾਏ ਗਏ | ਹਾਜ਼ਰੀਨ ਨੇ ਸੋਹਣ ਲਾਲ ਪਾਠਕ ਸਮਾਰਕ ਨੂੰ ਸਿਜਦਾ ਵੀ ਕੀਤਾ | ਇਸ ਮੋਕੇ ਜਨਤਕ ਜਥੇਬੰਦੀਆਂ ਦੇ ਆਗੂ ਜਗੀਰ ਸਿੰਘ, ਦਿਲਬਾਗ ਸਿੰਘ ਗੰਡੀਵਿੰਡ, ਜਗਤਾਰ ਸਿੰਘ ਆਸਲ, ਸਤਪਾਲ ਪੱਟੀ, ਸੁਖਦੇਵ ਸਿੰਘ ਮਹਰਾਣਾ, ਬਲਜੀਤ ਕੌਰ, ਮਨਦੀਪ ਕੌਰ ਪੱਟੀ ਅਤੇ ਜਤਿੰਦਰ ਕੌਰ ਰਾਮੂਵਾਲ ਨੇ ਵੀ ਸੰਬੋਧਨ ਕੀਤਾ |