ਤਰਨ ਤਾਰਨ, 1 ਮਾਰਚ (ਪਰਮਜੀਤ ਜੋਸ਼ੀ)-ਨੌਜਵਾਨ ਰਣਜੀਤ ਸਿੰਘ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਮਾਰਾਏ, ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਗੱਲਬਾਤ ਕਰਦਿਆਂ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਨ੍ਹਾਂ ਆਗੂਆਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਗ਼ੈਰ ਅਦਾਲਤੀ ਹੱਤਿਆਵਾਂ ਕਰਨ ਦੀ ਖੁੱਲ੍ਹੀ ਛੁੱਟੀ ਦੇਣਾ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ, ਜਿਸ ਦਾ ਸਾਰੇ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣ ਦੀ ਲੋੜ ਹੈ | ਕੋਈ ਵੀ ਨੌਜਵਾਨ ਜਨਮ ਤੋਂ ਗੈਂਗਸਟਰ ਜਾਂ ਮੁਜਰਿਮ ਨਹੀਂ ਹੁੰਦਾ, ਇਹ ਹਾਕਮ ਜਮਾਤੀ ਸਿਆਸਤ ਹੀ ਹੈ, ਜੋ ਆਪਣੇ ਰਾਜਨੀਤਿਕ ਹਿੱਤਾਂ ਲਈ ਗੁੰਡਾ ਗੈਂਗਾਂ ਦਾ ਪਾਲਣ-ਪੋਸ਼ਣ ਤੇ ਰਾਜਨੀਤਕ ਸਰਪ੍ਰਸਤੀ ਕਰਦੀ ਹੈ | ਗੈਂਗਸਟਰਾਂ ਦੇ ਵਰਤਾਰੇ ਦੇ ਮੂਲ ਕਾਰਨਾਂ ਨੂੰ ਮੁਖ਼ਾਤਬ ਹੋਣ ਦੀ ਬਜਾਏ ਭਗਵੰਤ ਮਾਨ ਸਰਕਾਰ ਕਥਿਤ ਗੈਂਗਸਟਰਾਂ ਦੇ ਮੁਕਾਬਲੇ ਬਣਾ ਕੇ ਸਮਾਜ 'ਚ ਗਿਣ-ਮਿੱਥਕੇ ਪੁਲਿਸ ਦੀ ਦਹਿਸ਼ਤ ਤੇ ਖ਼ੌਫ਼ ਦਾ ਰਾਜ ਬਣਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮੁਕਾਬਲੇ ਦੀ ਸੀ. ਬੀ. ਆਈ. ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੁਕਾਬਲਿਆਂ ਦਾ ਡਰਾਮਾ ਬੰਦ ਕਰੇ ਤੇ ਮੁਕਾਬਲੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |