ਤਰਨ ਤਾਰਨ, 30 ਅਪ੍ਰੈਲ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਇਕ ਮਾਰਬਲ ਸਟੋਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਈਰਿੰਗ ਕੀਤੀ ਗਈ | ਇਸ ਫਾਈਰਿੰਗ ਦੌਰਾਨ ਸਟੋਰ ਦੇ ਮਾਲਕ ਅਤੇ ਉਥੇ ਕੰਮ ਕਰਨ ਵਾਲੇ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ | ਘਟਨਾ ਸਥਾਨ 'ਤੇ ਪਹੁੰਚੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਜਸਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਦੀਪ ਐਵੀਨਿਊ ਅੰਮਿ੍ਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਪਿੰਡ ਪੰਡੋਰੀ ਗੋਲਾ ਵਿਖੇ ਮਾਰਬਲ ਸਟੋਰ ਦੀ ਦੁਕਾਨ ਹੈ | ਉਹ ਸਟੋਰ ਤੇ ਬੈਠਾ ਪਿਆ ਸੀ ਤਾਂ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵਿਚੋ ਇਕ ਨੌਜਵਾਨ ਨੇ ਆਪਣੇ ਫੌਨ 'ਤੇ ਵੀਡੀਓ. ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਕ ਨੌਜਵਾਨ ਨੇ ਮੋਟਰਸਾਈਕਲ ਤੋਂ ਉੱਤਰਦੇ ਸਾਰ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਸਟੋਰ ਦੇ ਬਾਹਰੋਂ ਸਿੱਧੀਆਂ ਗੋਲੀਆਂ ਮੇਰੀ ਦੁਕਾਨ ਵੱਲ ਚਲਾਈਆਂ ਮੈਂ ਅਤੇ ਮੇਰੇ ਕਰਮਚਾਰੀਆਂ ਨੇ ਭੱਜ ਕੇ ਮਾਰਬਲ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ | ਗੋਲੀਆਂ ਮੇਰੀ ਦੁਕਾਨ ਦੇ ਬਾਹਰਲੇ ਸ਼ੀਸ਼ੇ ਵਿਚ ਲੱਗੀਆਂ | ਤਿੰਨ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ | ਥਾਣਾ ਸਦਰ ਦੇ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |