ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)ਦੁਨੀਆ ਭਰ ਵਿਚ ਚੱਲ ਰਹੀ ਆਰਥਿਕ ਮੰਦੀ (ਰਿਸੈਸ਼ਨ) ਕਾਰਨ ਆਮ ਲੋਕ ਤੇ ਖ਼ਾਸ ਕਰਕੇ ਨੌਜਵਾਨ ਵਰਗ ਬੇਹੱਦ ਪਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ | ਅਜਿਹੇ ਹਾਲਾਤ ਵਿਚ ਦੇਸ਼ ਅੰਦਰ ਕਾਰਪੋਰੇਟ ਕੰਪਨੀਆਂ ਤੇ ਸਰਕਾਰੀ ਅਦਾਰਿਆਂ ਵਿਚ ਤਨਖ਼ਾਹ ਦੇ ਰਵਾਇਤੀ ਮਹੀਨਾਵਾਰ ਸਿਸਟਮ ਨੂੰ ਬਦਲਣ ਦੀ ਬੇਹੱਦ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਗੱਲਬਾਤ ਦੌਰਾਨ ਕੀਤਾ | ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਅਹਿਮ ਸੁਝਾਅ ਦਿੰਦਿਆਂ ਆਖਿਆ ਕਿ ਜਿਸ ਤਰ੍ਹਾਂ ਵਿਦੇਸ਼ਾਂ (ਵਿਕਸਿਤ ਮੁਲਕਾਂ) ਅੰਦਰ ਹਫ਼ਤੇ ਦੇ ਹਫ਼ਤੇ ਤਨਖ਼ਾਹ ਦੇਣ ਦੀ ਪ੍ਰਕਿਰਿਆ ਲਾਗੂ ਹੈ, ਉਸੀ ਤਰਜ਼ 'ਤੇ ਹੁਣ ਸਾਡੇ ਦੇਸ਼ ਅੰਦਰ ਵੀ ਇਹੋ ਜਿਹਾ ਸਿਸਟਮ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਨੂੰ ਹਰ ਹਫ਼ਤੇ ਬਾਅਦ ਤਨਖ਼ਾਹ ਮਿਲਣੀ ਸ਼ੁਰੂ ਹੋ ਜਾਵੇ, ਤਾਂ ਇਸ ਨਾਲ ਦੇਸ਼ ਦੀ ਆਰਥਿਕਤਾ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਵਿਚ ਵੱਡਾ ਸੁਧਾਰ ਆਵੇਗਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਅਜੌਕੀ ਨੌਜਵਾਨ ਪੀੜ੍ਹੀ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਦੇ ਖ਼ਰਚੇ ਪਹਿਲੀਆਂ ਪੀੜ੍ਹੀਆਂ ਨਾਲੋਂ ਬਿਲਕੁਲ ਅਲੱਗ ਕਿਸਮ ਦੇ ਹਨ | ਡਿਜੀਟਲ ਯੁੱਗ, ਸਿੱਖਿਆ, ਰਹਿਣ-ਸਹਿਣ ਅਤੇ ਰੋਜ਼ਾਨਾ ਦੀਆਂ ਲੋੜਾਂ ਕਾਰਨ ਉਨਾਂ 'ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ | ਮਹੀਨੇ ਦੇ ਆਖ਼ਰ ਤੱਕ ਉਡੀਕ ਕਰਨ ਕਾਰਨ ਨੌਜਵਾਨਾਂ ਨੂੰ ਕਈ ਵਾਰ ਮਾਨਸਿਕ ਤੇ ਵਿੱਤੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ | ਪੀਰ ਮੁਹੰਮਦ ਨੇ ਜ਼ੋਰ ਦੇ ਕੇ ਕਿਹਾ ਜੇਕਰ ਹਫ਼ਤਾਵਾਰੀ ਤਨਖ਼ਾਹ ਪ੍ਰਣਾਲੀ ਲਾਗੂ ਹੁੰਦੀ ਹੈ, ਤਾਂ ਨੌਜਵਾਨਾਂ ਦੇ ਹੱਥ ਵਿਚ ਪੈਸੇ ਦੀ ਆਮਦ ਨਿਰੰਤਰ ਬਣੀ ਰਹੇਗੀ, ਜਿਸ ਨਾਲ ਉਹ ਆਪਣੇ ਖ਼ਰਚਿਆਂ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕਣਗੇ ਅਤੇ ਉਨ੍ਹਾਂ ਨੂੰ ਬੇਹੱਦ ਰਾਹਤ ਮਿਲੇਗੀ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਸਮੇਤ ਕਾਰਪੋਰੇਟ ਜਗਤ ਦੇ ਨੀਤੀ-ਘਾੜਿਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਵਿਸ਼ਵਵਿਆਪੀ ਮੰਦੀ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਰੁਜ਼ਗਾਰ ਕਰ ਰਹੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਇਸ ਸੁਝਾਅ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ |