ਲੁਧਿਆਣਾ, 17 ਫਰਵਰੀ (ਜਤਿੰਦਰ ਭੰਬੀ)-ਸੀਸੂ ਵਲੋਂ 68ਵੇਂ ਰਾਸ਼ਟਰੀ ਉਤਪਾਦਕਤਾ ਹਫ਼ਤਾ ਮੁਨੀ ਲਾਲ ਧਰਮ ਪਾਲ ਜੈਨ ਬੋਰਡ ਰੂਮ ਸੀਸੂ ਕੰਪਲੈਕਸ, ਫੋਕਲ ਪੁਆਇੰਟ ਵਿਖੇ Tਉਤਪਾਦਕਤਾ ਸੁਧਾਰ ਰਾਹੀਂ ਲਾਗਤ ਬਚਤU ਵਿਸ਼ੇ 'ਤੇ ਇਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਅਧੀਨ ਰਾਸ਼ਟਰੀ ਉਤਪਾਦਕਤਾ ਪ੍ਰੀਸ਼ਦ ਦੁਆਰਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸੈਸ਼ਨ ਵਿਚ ਲੁਧਿਆਣਾ ਅਤੇ ਨੇੜਲੇ ਉਦਯੋਗਿਕ ਕਲੱਸਟਰਾਂ ਦੇ ਉਦਯੋਗਪਤੀਆਂ, ਐਮ.ਐਸ.ਐਮ.ਈ. ਪ੍ਰਤੀਨਿਧੀਆਂ, ਪਲਾਂਟ ਮੁਖੀਆਂ ਅਤੇ ਉਤਪਾਦਨ ਪ੍ਰਬੰਧਕਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ | ਉਦਯੋਗ ਮਾਹਿਰ ਡਾ. ਐਸ.ਬੀ. ਸਿੰਘ ਨੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਉਤਪਾਦਨ ਲਾਗਤਾਂ ਨੂੰ ਘਟਾਉਣ ਦੇ ਵਿਹਾਰਕ ਤਰੀਕਿਆਂ ਨੂੰ ਉਜਾਗਰ ਕਰਦੇ ਹੋਏ ਇਕ ਵਿਸਤਰਿਤ ਤਕਨੀਕੀ ਪੇਸ਼ਕਾਰੀ ਦਿੱਤੀ | ਕੇਸ ਸਟੱਡੀਜ਼ ਅਤੇ ਰੀਅਲ-ਟਾਈਮ ਉਦਯੋਗਿਕ ਉਦਾਹਰਨਾਂ ਰਾਹੀਂ ਉਨ੍ਹਾਂ ਨੇ ਦਿਖਾਇਆ ਕਿ ਉਤਪਾਦਕਤਾ ਵਧਾਉਣਾ ਸਿਰਫ਼ ਲਾਗਤ-ਕਟੌਤੀ ਦੀ ਕਸਰਤ ਨਹੀਂ ਹੈ, ਸਗੋਂ ਟਿਕਾਊ ਵਿਕਾਸ ਲਈ ਇਕ ਰਣਨੀਤਕ ਸਾਧਨ ਹੈ | ਇਸ ਮੌਕੇ ਵਧਦੀਆਂ ਇਨਪੁੱਟ ਲਾਗਤਾਂ, ਊਰਜਾ ਖਰਚਿਆਂ ਅਤੇ ਵਿਸ਼ਵਵਿਆਪੀ ਮੁਕਾਬਲੇ ਵਰਗੀਆਂ ਚੁਨੌਤੀਆਂ 'ਤੇ ਚਰਚਾ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਭਾਗੀਦਾਰਾਂ ਨੇ ਹਿੱਸਾ ਲਿਆ |