ਲੁਧਿਆਣਾ, 28 ਫਰਵਰੀ (ਡਾ. ਤਰਲੋਚਨ ਸਿੰਘ)-ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ.ਡੀ.ਪੀ.ਡੀ.) ਨੇ ਅਮਰੀਕਾ-ਇਜ਼ਰਾਈਲ ਵਲੋਂ ਇਰਾਨ ਉੱਤੇ ਕੀਤੇ ਹਮਲੇ ਦੀ ਕੜੀ ਨਿੰਦਾ ਕੀਤੀ ਹੈ | ਇਹ ਹਮਲਾ ਪੂਰੀ ਤਰ੍ਹਾਂ ਬਿਨਾਂ ਕਿਸੇ ਉਕਸਾਵੇ ਦੇ ਕੀਤਾ ਗਿਆ ਹੈ ਅਤੇ ਉਸ ਸਮੇਂ ਕੀਤਾ ਗਿਆ ਹੈ, ਜਦੋਂ ਅਮਰੀਕਾ ਅਤੇ ਇਰਾਨ, ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਇਕ ਸਮਝੌਤੇ ਲਈ ਗੱਲਬਾਤ ਕਰ ਰਹੇ ਸਨ | ਆਪਣੇ ਬਿਆਨ ਵਿਚ ਡਾ. ਅਰੁਣ ਮਿੱਤਰਾ ਪ੍ਰਧਾਨ, ਆਈ.ਡੀ.ਪੀ.ਡੀ. ਅਤੇ ਡਾ. ਸ਼ਕੀਲ ਉਰ ਰਹਿਮਾਨ ਜਨਰਲ ਸਕੱਤਰ ਨੇ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਕਦੇ ਵੀ ਇਨ੍ਹਾਂ ਗੱਲਬਾਤਾਂ ਨੂੰ ਲੈ ਕੇ ਗੰਭੀਰ ਨਹੀਂ ਸੀ | ਇਹ ਦੁਨੀਆ ਨੂੰ ਡਰਾਉਣ-ਧਮਕਾਉਣ ਵਰਗਾ ਹੈ, ਜਦਕਿ ਅਮਰੀਕਾ ਲਗਾਤਾਰ ਆਪਣੇ ਪਰਮਾਣੂ ਹਥਿਆਰ ਪ੍ਰੋਗਰਾਮ ਅਤੇ ਸੰਸਾਰ ਭਰ ਵਿਚ ਹਥਿਆਰਾਂ ਦੀ ਦੌੜ 'ਤੇ ਵੱਡੀ ਰਕਮ ਖਰਚ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਸੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਜੰਗ ਨੂੰ ਰੋਕੇ, ਕਿਉਂਕਿ ਇਸ ਦੇ ਗੰਭੀਰ ਪ੍ਰਭਾਵ ਸਿਰਫ਼ ਮੱਧ ਪੂਰਬ ਹੀ ਨਹੀਂ, ਸਗੋਂ ਪੂਰੀ ਦੁਨੀਆ 'ਤੇ ਪੈ ਸਕਦੇ ਹਨ |