ਲੁਧਿਆਣਾ, 28 ਫਰਵਰੀ (ਭੁਪਿੰਦਰ ਸਿੰਘ ਬੈਂਸ)-ਵਿਧਾਨ ਸਭਾ ਹਲਕਾ ਪੱਛਮੀ ਦੇ ਰਿਸ਼ੀ ਨਗਰ ਵਾਈ ਬਲਾਕ ਵਿਚ ਹੋ ਰਹੇ ਨਿਰਮਾਣ ਦੇ ਕੰਮ ਨੰੂ ਲੈ ਕੇ ਵਿਵਾਦ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਆਗੂ ਸਰਬਜਿੰਦਰ ਸਿੰਘ ਭੁਲਰ ਨਾਲ ਸੰਬੰਧਿਤ ਨਿਰਮਾਣ 'ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਲੋਂ ਨਗਰ ਨਿਗਮ ਨੰੂ ਪੱਤਰ ਲਿੱਖ ਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ | ਟਰੱਸਟ ਵਲੋਂ ਭੇਜੇ ਗਏ ਪੱਤਰ ਵਿਚ ਨਿਰਮਾਣ ਲਈ ਮਨਜ਼ੂਰ ਨਕਸ਼ੇ ਦੀ ਮਿਆਦ ਅਤੇ ਮੌਜੂਦਾ ਸਥਿਤੀ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ | ਟਰੱਸਟ ਨੇ ਨਗਰ ਨਿਗਮ ਨੰੂ ਹਿਦਾਇਤ ਕੀਤੀ ਹੈ ਕਿ ਮੌਕੇ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਨਿਰਮਾਣ ਨਿਯਮਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ | ਜੇਕਰ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਕਾਨੰੂਨ ਅਨੁਸਾਰ ਕਾਰਵਾਈ ਕੀਤੀ ਜਾਵੇ | ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੀ ਟੀਮ ਵਲੋਂ ਆਪਣੀ ਜ਼ਮੀਨ ਨਾਲ ਸੰਬੰਧਿਤ ਢਾਂਚਾਗਤ ਤਬਦੀਲੀਆਂ ਦੀ ਵੀ ਜਾਂਚ ਕੀਤੀ ਗਈ ਹੈ | ਟਰੱਸਟ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਜੇਕਰ ਟਰੱਸਟ ਦੀ ਜ਼ਮੀਨ ਦੀ ਵਰਤੋਂ ਬਿਨਾ ਮਨਜ਼ੂਰੀ ਕੀਤੀ ਗਈ ਹੈ ਤਾਂ ਇਸ ਸੰਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਅਧਿਕਾਰੀਆਂ ਮੁਤਾਬਿਕ ਮਾਮਲਾ ਇਸ ਵੇਲੇ ਜਾਂਚ ਅਧੀਨ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ ਨੰੂ ਲੈ ਕੇ ਇਲਾਕੇ ਵਿਚ ਚਰਚਾ ਜਾਰੀ ਹੈ |