ਲੁਧਿਆਣਾ, 28 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਸਫ਼ਾਈ ਮੁਹਿੰਮ ਮਜ਼ਬੂਤ ਕਰਨ ਲਈ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਵਲੋਂ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਨੰੂ ਖੁਦ ਮੈਦਾਨ 'ਚ ਜਾ ਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਦੇ ਬਾਵਜੂਦ ਵਾਰਡ ਨੰਬਰ 26 'ਚ ਖੁੱਲੇ੍ਹ ਵਿਚ ਕੂੜਾ ਸੁੱਟਣ ਨਾਲ ਸੰਬੰਧਿਤ ਇਕ ਮਾਮਲੇ 'ਚ ਨਗਰ ਨਿਗਮ ਦੀ ਕਾਰਵਾਈ ਅਤੇ ਪ੍ਰਕਿਰਿਆ 'ਤੇ ਸਵਾਲ ਉਠ ਰਹੇ ਹਨ | ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਸਫ਼ਾਈ ਸਟਾਫ਼ ਵਲੋਂ ਵਾਰਡ ਨੰਬਰ 26 'ਚ ਇਕ ਨਿੱਜੀ ਗੱਡੀ ਨੂੰ ਰੋਕਿਆ ਗਿਆ, ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਖੁੱਲੇ੍ਹ 'ਚ ਕੂੜਾ ਸੁੱਟ ਰਹੀ ਸੀ | ਮੌਕੇ 'ਤੇ ਮੌਜੂਦ ਅਧਿਕਾਰੀਆਂ ਵਲੋਂ ਗੱਡੀ ਨੰੂ ਰੋਕ ਕੇ ਇਸ ਸੰਬੰਧੀ ਅਗਲੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕੀਤਾ ਗਿਆ | ਦੱਸਿਆ ਜਾਂਦਾ ਹੈ ਕਿ ਇਸ ਗੱਡੀ 'ਤੇ ਨਗਰ ਨਿਗਮ ਵੀ ਲਿਖਿਆ ਹੋਇਆ ਸੀ, ਜਿਸ ਕਾਰਨ ਮਾਮਲੇ ਨੇ ਹੋਰ ਧਿਆਨ ਖਿੱਚਿਆ | ਸੂਤਰਾਂ ਅਤੇ ਸਥਾਨਕ ਪ੍ਰਤੀਨਿਧੀਆਂ ਮੁਤਾਬਿਕ ਬਾਅਦ ਵਿਚ ਇਹ ਗੱਡੀ ਪੁਲਿਸ ਵਲੋਂ ਛੱਡ ਦਿੱਤੀ ਗਈ | ਇਸ ਸੰਬੰਧ ਵਿਚ ਕੁੱਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਗੱਡੀ ਨੰੂ ਛੱਡਣ ਤੋਂ ਪਹਿਲਾ ਜ਼ੋਨਲ ਕਮਿਸ਼ਨਰ ਨੀਰਜ ਜੈਨ ਨਾਲ ਵੀ ਸੰਪਰਕ ਕੀਤਾ ਗਿਆ ਸੀ | ਹਾਲਾਂਕਿ ਇਸ ਬਾਰੇ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਕਿ ਗੱਡੀ ਨੰੂ ਕਿਸ ਆਧਾਰ 'ਤੇ ਛੱਡਿਆ ਗਿਆ | ਵਾਰਡ ਦੇ ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਇਸ ਮਾਮਲੇ ਨੰੂ ਲੈ ਕੇ ਉਨ੍ਹਾਂ ਵਲੋਂ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੰੂ ਸ਼ਿਕਾਇਤ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ | ਫਿਲਹਾਲ ਇਸ ਮਾਮਲੇ ਸੰਬੰਧੀ ਸਥਿਤੀ ਨੰੂ ਲੈ ਕੇ ਵੱਖ ਵੱਖ ਪੱਖਾਂ ਵਲੋਂ ਆਪਣੇ ਆਪਣੇ ਵਿਚਾਰ ਰੱਖੇ ਜਾ ਰਹੇ ਹਨ | ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਜਾਂਚ ਕਰਕੇ ਸਥਿਤੀ ਸਪੱਸ਼ਟ ਕੀਤੀ ਜਾਂਦੀ ਹੈ ਜਾਂ ਨਹੀਂ |