24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਅਤੇ ਧਾਂਦਰਾ ਸੜਕ 'ਤੇ ਲੱਗਦੇ ਜਾਮ ਤੋਂ ਰਾਹਗੀਰਾਂ ਨੂੰ ਕਦੋਂ ਮਿਲੇਗੀ ਨਿਜਾਤ? ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬਾਹਰ ਚਿੱਟੀ ਲਕੀਰ ਦੀ ਪ੍ਰਵਾਹ ਕੀਤੇ ਬਗੈਰ ਲਗਾਇਆ ਸਾਮਾਨ ਅਤੇ ਸਟਾਲ ਬਣਦੇ ਨੇ ਇਸ ਜਾਮ ਦਾ ਮੁੱਖ ਕਾਰਨ <br/>

ਅਜੀਤ ਡੈਸਕ 02-03-2026
ਮਨਜੀਤ ਸਿੰਘ ਦੁੱਗਰੀ
ਫੁੱਲਾਂਵਾਲ, 1 ਮਾਰਚ-ਮਹਾਂਨਗਰ ਲੁਧਿਆਣਾ ਦੀਆਂ ਸੜਕਾਂ 'ਤੇ ਨਿੱਤ ਲੱਗ ਰਹੇ ਜਾਮ ਤੋਂ ਆਮ ਰਾਹਗੀਰਾਂ ਨੂੰ ਨਿਜਾਤ ਦਵਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਲੰਘੇ ਸਮੇਂ ਪ੍ਰਸ਼ਾਸਨ ਵਲੋਂ 'ਨੋ ਟੋਲਰੈਂਸ' ਰੋਡ ਐਲਾਨਿਆ ਗਿਆ ਸੀ | ਇਸ ਸੜਕ ਤੋਂ ਜਾਮ ਦੀ ਸਮੱਸਿਆ ਦੇ ਹੱਲ ਲਈ ਟਰੈਫ਼ਿਕ ਪੁਲਿਸ ਜ਼ੋਨ ਨੰ. 6 ਦੀ ਟੀਮ ਵਲੋਂ ਇੰਚਾਰਜ ਬਿਬਲਪਾਲ ਕੌਰ ਦੀ ਅਗਵਾਈ ਹੇਠ ਕੀਤੀ ਠੋਸ ਕਾਰਵਾਈ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕੁੱਝ ਦਿਨ ਤਾਂ ਰਾਹਤ ਜ਼ਰੂਰੀ ਮਿਲੀ, ਪਰ ਉਨ੍ਹਾਂ ਦੀ ਬਦਲੀ ਉਪਰੰਤ, ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਮੁੜ ਆਪਣੀਆਂ ਦੁਕਾਨਾਂ ਬਾਹਰ ਸੜਕਾਂ ਉਪਰ ਰੱਖਣ ਅਤੇ ਇਸੇ ਸੜਕ 'ਤੇ ਪੈਂਦੇ ਇਕ ਸਕੂਲ ਵਲੋਂ ਛੁੱਟੀ ਸਮੇਂ ਆਪਣੀਆਂ ਸਕੂਲ ਬੱਸਾਂ ਅਤੇ ਬੱਚਿਆਂ ਨੂੰ ਲੈਣ ਆਏ ਮਾਪਿਆ ਲਈ ਕੋਈ ਯੋਗ ਪਾਰਕਿੰਗ ਨਾ ਹੋਣ ਕਰਕੇ ਸੜਕ ਉਪਰ ਹੀ ਖੜ੍ਹਾਉਣ ਨਾਲ ਮੁੜ ਜਾਮ ਦੀ ਸਮੱਸਿਆ ਸ਼ੁਰੂ ਹੋ ਗਈ ਹੈ | 200 ਫੁੱਟੀ ਮਿਸਿੰਗ ਲਿੰਕ ਸੜਕ ਸਥਿਤ ਜੈਨ ਮੰਦਰ ਚੌਕ ਦੀ ਠੀਕ ਵਿਵਸਥਾ ਨਾ ਹੋਣ ਕਰਕੇ ਚਾਰਾਂ ਪਾਸਿਓਾ ਆ ਰਹੇ ਵਾਹਨਾਂ ਦੀਆਂ ਕਤਾਰਾਂ ਇਕ-ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਚ ਆਪਸ ਵਿਚ ਹੀ ਉਲਝਣ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ, ਜਿਸ ਨੂੰ ਲੈ ਕੇ ਰਾਹਗੀਰ ਡਾਢੇ ਪਰੇਸ਼ਾਨ ਹਨ | ਇਸੇ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਮੈਰਿਜ ਪੈਲੇਸਾਂ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬਾਹਰ ਲਗਾਏ ਸਟਾਲਾਂ ਅਤੇ ਦਾਦ ਪਿੰਡ ਵਿਖੇ ਸਾਈਕਲ-ਸਕੂਟਰ ਰਿਪੇਅਰ ਕਰਨ ਦੀਆਂ ਦੁਕਾਨਾਂ ਅੱਗੇ ਚਿੱਟੀ ਲਕੀਰ ਦੀ ਪ੍ਰਵਾਹ ਕੀਤੇ ਬਗੈਰ ਸੜਕ ਦੇ ਅੱਧ ਵਿਚਕਾਰ ਤੱਕ ਰਿਪੇਅਰ ਲਈ ਖੜੇ ਸਾਈਕਲ/ਸਕੂਟਰ ਵੀ ਇਸ ਜਾਮ ਦਾ ਮੁੱਖ ਕਾਰਨ ਬਣਦੇ ਹਨ | ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਰਕੇ ਅਤੇ ਗਲਾਡਾ ਵਲੋਂ ਇਨ੍ਹਾਂ ਸੜਕਾਂ ਉਪਰ ਲੱਗਦੇ ਜਾਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਦੀ ਜ਼ਿੰਮੇਵਾਰੀ ਸਿਰਫ਼ ਟਰੈਫ਼ਿਕ ਪੁਲਿਸ ਦੇ ਸਿਰ ਹੈ, ਜਿਸ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ | ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਇਸ ਨਿੱਤ ਲੱਗਦੇ ਜਾਮ ਤੋਂ ਕਦੋਂ ਨਿਜਾਤ ਮਿਲੇਗੀ?
ਕੀ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਦਾ
ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਧਾਂਦਰਾ ਸੜਕ ਨੂੰ ਨੋ ਟੋਲਰੈਂਸ ਜ਼ੋਨ ਐਲਾਨੇ ਜਾਣ ਦੇ ਬਾਵਜੂਦ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖਣ ਕਾਰਨ ਟਰੈਫ਼ਿਕ 'ਚ ਵਿਘਨ ਪੈਂਦਾ ਹੈ, ਜਿਸ ਨੂੰ ਲੈ ਕੇ ਆਮ ਰਾਹਗੀਰ, ਸਕੂਲੀ ਬੱਚੇ, ਹਸਪਤਾਲ ਜਾਣ ਵਾਲੇ ਮਰੀਜ਼ ਅਤੇ ਐਂਬੂਲੈਂਸਾਂ ਦੇ ਇਸ ਜਾਮ ਵਿਚ ਫਸਣ ਨਾਲ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਪੈਂਦੇ ਜੈਨ ਮੰਦਰ ਚੌਕ ਵਿਖੇ ਲਾਈਟਾਂ ਲਗਾਈਆਂ ਜਾਨ ਤਾਂ ਜੋ ਜਾਮ ਤੋਂ ਨਿਜਾਤ ਮਿਲ ਸਕੇ |
ਕੀ ਕਹਿਣਾ ਹੈ ਟਰੈਫ਼ਿਕ ਜ਼ੋਨ 6 ਦੇ ਇੰਚਾਰਜ ਦਾ
ਜਦੋਂ ਇਸ ਬਾਬਤ ਟਰੈਫ਼ਿਕ ਜ਼ੋਨ ਛੇ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ 'ਤੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਸੜਕ 'ਤੇ ਸਾਮਾਨ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਹ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇਸ ਸੜਕ 'ਤੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |

ਪਿਛਲੀ ਖ਼ਬਰ ਡਾ. ਸੁਰਜੀਤ ਪਾਤਰ ਦੀ ਕਾਵਿ ਪੁਸਤਕ 'ਰੱਬ, ਰੋਟੀ, ਭਾਸ਼ਾ ਤੇ ਰਾਗ' ਪੀ.ਏ.ਯੂ. ਵਿਖੇ ਹੋਈ ਲੋਕ ਅਰਪਣ <br/> ਅਗਲੀ ਖ਼ਬਰ ਮਹਾਨਗਰ 'ਚ ਨਿਗਮ ਦੇ ਵਿਕਾਸ ਦੇ ਦਾਅਵੇ ਫ਼ੇਲ੍ਹ ਮੁੱਖ ਸੜਕਾਂ ਦੇ ਡਿਵਾਈਡਰ ਟੁੱਟੇ, ਅਧਿਕਾਰੀ ਬੇਖ਼ਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।