ਲੁਧਿਆਣਾ, 30 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਸਫਾਈ ਮੁੁਹਿੰਮਾਂ ਚਲਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਖਾਸ ਕਰਕੇ ਪੁਰਾਣੇ ਜੀ.ਟੀ ਰੋਡ 'ਤੇ ਸਥਿਤ ਪਾਰਕਾਂ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ, ਜਿੱਥੇ ਕੂੜੇ ਦੇ ਢੇਰ, ਟੁੱਟੇ ਝੂਲੇ ਅਤੇ ਗਾਇਬ ਮਾਲੀ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਹੇ ਹਨ | ਇਨਾਂ ਪਾਰਕਾਂ ਵਿਚ ਹਰ ਰੋਜ਼ ਸਵੇਰ ਸ਼ਾਮ ਟਹਿਲਣ ਲਈ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋ ਇਨਾਂ ਪਾਰਕਾਂ 'ਚੋਂ ਕੂੜਾ ਨਹੀਂ ਚੁੱਕਿਆ ਗਿਆ | ਕਈ ਥਾਵਾਂ 'ਤੇ ਪਲਾਸਟਿਕ, ਸੁੱਕੇ ਪੱਤੇ ਅਤੇ ਘਰੇਲੂ ਕੂੜਾ ਇਕੱਠਾ ਹੋਇਆ ਪਿਆ ਹੈ ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਬੱਚਿਆਂ ਲਈ ਲਗਾਏ ਗਏ ਝੂਲੇ ਅਤੇ ਖੇਡ ਸਾਮਾਨ ਵੀ ਟੁੱਟੇ ਹੋਏ ਹਨ | ਹੈਰਾਨੀ ਦੀ ਗੱਲ ਹੈ ਕਿ ਇਕ ਪਾਰਕ ਦਾ ਇਸਤੇਮਾਲ ਨਗਰ ਨਿਗਮ ਵਲੋਂ ਆਪਣੇ ਵਾਹਨ ਖੜੇ ਕਰਨ ਲਈ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਰਕ ਦੀ ਸੁੰਦਰਤਾ ਅਤੇ ਵਰਤੋ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ | ਇਸ ਤੋਂ ਇਲਾਵਾ ਪਾਰਕਾਂ ਵਿਚ ਬੂਟਿਆਂ ਦੀ ਦੇਖਭਾਲ ਲਈ ਕੋਈ ਮਾਲੀ ਵੀ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਬੂਟੇ ਸੁੱਕਦੇ ਜਾ ਰਹੇ ਹਨ ਅਤੇ ਹਰੇ ਭਰੇ ਪਾਰਕ ਬੇਰੰਗ ਬਣਦੇ ਜਾ ਰਹੇ ਹਨ | ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਅਧੀਨ ਸ਼ਹਿਰ ਵਿਚ ਲਗਭਗ 925 ਪਾਰਕ ਹਨ | ਜਿਨਾਂ ਵਿਚੋਂ ਕਰੀਬ 630 ਪਾਰਕਾਂ ਦੀ ਦੇਖਭਾਲ ਪਾਰਕ ਮੈਨੇਜਮੈਂਟ ਕਮੇਟੀਆਂ ਨੰੂ ਸੌਂਪੀ ਗਈ ਹੈ | ਪਰ ਪੁਰਾਣੇ ਜੀ.ਟੀ ਰੋਡ ਦੀਆਂ ਇਹ ਪਾਰਕ ਅਜੇ ਵੀ ਨਿਗਮ ਦੇ ਸਿੱਧੇ ਅਧੀਨ ਹਨ ਅਤੇ ਇਥੇ ਹੀ ਸਭ ਤੋ ਵੱਧ ਬੇਧਿਆਨੀ ਸਾਹਮਣੇ ਆ ਰਹੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਨਿਗਮ ਵਲੋਂ ਜਲਦ ਹੀ ਇਨਾਂ ਪਾਰਕਾਂ ਦੀ ਸਫਾਈ ਅਤੇ ਸੰਭਾਲ ਲਈ ਵੱਲ ਧਿਆਨ ਨਹੀ ਦਿੱਤਾ ਗਿਆ ਤਾਂ ਇਹ ਹਰੇ ਭਰੇ ਇਲਾਕੇ ਪੂਰੀ ਤਰਾਂ ਕੂੜੇ ਦੇ ਢੇਰਾਂ ਵਿਚ ਤਬਦੀਲ ਹੋ ਜਾਣਗੇ | ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਆਪਣੇ ਦਾਅਵਿਆਂ ਤੇ ਖਰਾ ਉਤਰਦਾ ਹੈ ਜਾਂ ਲੋਕਾਂ ਨੰੂ ਇੰਝ ਹੀ ਗੰਦਗੀ ਵਿਚ ਜੀਣ ਲਈ ਮਜ਼ਬੂਰ ਕਰਦਾ ਰਹੇਗਾ | ਜਦ ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ |