17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਧਾਂਦਰਾ ਕਲਸਟਰ ਦੀਆਂ ਖੰਡਰ ਬਣੀਆਂ ਇਮਾਰਤਾਂ ਨਸ਼ੇੜੀਆਂ ਦੇ ਬਣੇ ਅੱਡੇ! <br/>

ਅਜੀਤ ਡੈਸਕ 12-05-2026
ਮਨਜੀਤ ਸਿੰਘ ਦੁੱਗਰੀ
ਫੁੱਲਾਂਵਾਲ, 11 ਮਈ-ਪੇਂਡੂ ਖੇਤਰਾਂ ਨੂੰ ਸ਼ਹਿਰ ਵਰਗੀਆਂ ਬੁਨਿਆਦੀ ਮੁੱਢਲੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ਕੇਂਦਰ ਵਲੋਂ 21 ਫਰਵਰੀ, 2016 ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਲੁਧਿਆਣਾ ਦੇ ਹਲਕਾ ਗਿੱਲ ਸਥਿਤ ਪਿੰਡ ਧਾਂਦਰਾ ਵਿਖੇ ਇਸ ਨਾਲ ਲੱਗਦੀਆਂ 21 ਪੰਚਾਇਤਾਂ (ਪਿੰਡਾ/ਕਾਲੋਨੀਆਂ) ਨੂੰ ਸੀਵਰੇਜ, ਸੜਕਾਂ ਅਤੇ ਸੋਲਰ ਲਾਈਟਾਂ ਸਮੇਤ ਸਥਾਨਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਕਤ ਮਿਸ਼ਨ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹਲਕਾ ਗਿੱਲ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਉੱਦਮ ਸਦਕਾ ਮਨਜ਼ੂਰੀ ਦਿੱਤੀ ਗਈ ਸੀ | ਚੋਣ ਜ਼ਾਬਤਾ ਲੱਗਣ ਕਾਰਨ ਇਹ ਕੰਮ ਕਾਂਗਰਸ ਸਰਕਾਰ ਮੌਕੇ ਹੀ ਸ਼ੁਰੂ ਹੋ ਸਕਿਆ, ਜਿਸ ਦੀਆਂ ਇਮਾਰਤਾਂ 2021 'ਚ ਬਣ ਕੇ ਤਿਆਰ ਹੋਣ ਦੇ ਬਾਵਜੂਦ ਅੱਜ ਤੱਕ ਇਹ ਪ੍ਰੋਜੈਕਟ ਆਮ ਲੋਕਾਂ ਲਈ ਚਾਲੂ ਨਹੀਂ ਹੋ ਸਕਿਆ, ਜਦਕਿ 'ਆਪ' ਦੀ ਸਰਕਾਰ ਬਣਨ 'ਤੇ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਵਲੋਂ 2 ਸਤੰਬਰ, 2022 ਨੂੰ ਖੇਤੀਬਾੜੀ ਮੰਤਰੀ ਖੁੱਡੀਆਂ ਦੀ ਅਗਵਾਈ ਹੇਠ ਇਸ ਪ੍ਰੋਜੈਕਟ ਦਾ ਦੌਰਾ ਕਰਕੇ ਦਸੰਬਰ 2022 ਤੱਕ ਇਹ ਪ੍ਰੋਜੈਕਟ ਜਨਤਾ ਦੇ ਸਪੁਰਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਨੇ ਵੀ ਇੱਥੋਂ ਦਾ ਦੌਰਾ ਕੀਤਾ ਅਤੇ ਪ੍ਰੋਜੈਕਟ ਜਲਦ ਚਾਲੂ ਕਰਨ ਦਾ ਵਾਅਦਾ ਕੀਤਾ | ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਬੀਤ ਜਾਣ 'ਤੇ ਵੀ ਅੱਜ ਤੱਕ ਇਹ ਪ੍ਰੋਜੈਕਟ ਜ਼ਿਆਦਾ ਰਿਜ਼ਰਵ ਕੀਮਤ ਹੋਣ ਕਰਕੇ ਸਿਰੇ ਨਹੀਂ ਚੜ ਸਕਿਆ, ਜਿਸ ਨੂੰ ਲੈ ਕੇ ਬਹੁ ਮੰਤਵੀ ਵਪਾਰਕ ਕੇਂਦਰ (ਮੈਰਿਜ ਪੈਲੇਸ) ਅਤੇ ਸਕਿਲਡ ਡਿਵੈਲਪਮੈਂਟ ਸੈਂਟਰ ਦੀਆਂ ਇਮਾਰਤਾਂ ਖੰਡਰ ਬਣ ਕੇ ਨਸ਼ੇੜੀਆਂ ਦਾ ਅੱਡਾ ਬਣ ਰਹੀਆਂ ਹਨ | ਮੈਰਿਜ ਪੈਲੇਸ ਅੰਦਰੋਂ ਚੋਰ ਟੂਟੀਆਂ, ਪੱਖੇ, ਦਰਵਾਜ਼ੇ ਅਤੇ ਹੋਰ ਕੀਮਤੀ ਸਾਜੋ-ਸਾਮਾਨ ਚੋਰੀ ਕਰ ਚੁੱਕੇ ਹਨ |
ਕੀ ਕਹਿਣਾ ਹੈ ਸਾਬਕਾ ਵਿਧਾਇਕ ਸ਼ਿਵਾਲਿਕ ਦਾ
ਜਦੋਂ ਇਸ ਪ੍ਰਾਜੈਕਟ ਦੀ ਨਾਕਾਮੀ ਬਾਰੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਮ ਤਾਂ ਸ਼ੌਕ ਨਾਲ ਹੁੰਦੇ ਹਨ | ਉਨ੍ਹਾਂ ਬੜੀ ਮਿਹਨਤ ਨਾਲ ਧਾਂਦਰਾ ਸੜਕ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਫ਼ਿਰੋਜ਼ਪੁਰ ਮਾਰਗ, ਹੰਬੜਾਂ ਸੜਕ ਉਪਰ ਜਨਤਾ ਦੇ ਡਿਵੈਲਪਮੈਂਟ ਚਾਰਜ ਰਾਹੀਂ ਇਕੱਠੇ ਹੋਏ 40 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਇਹ 100 ਕਰੋੜ ਦਾ ਪ੍ਰਾਜੈਕਟ ਮਨਜ਼ੂਰ ਕਰਵਾਇਆ ਸੀ, ਜੋ ਸਰਕਾਰ ਦੀ ਨਾਲਾਇਕੀ ਕਰਕੇ ਅਧੂਰਾ ਪਿਆ ਹੈ |
ਕੀ ਕਹਿਣਾ ਹੈ ਏ.ਡੀ.ਸੀ ਦਾ-
ਜਦੋਂ ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨਰਿੰਦਰ ਸਿੰਘ ਪੀ.ਸੀ.ਐਸ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਰਿਜ਼ਰਵ ਕੀਮਤ ਜ਼ਿਆਦਾ ਹੋਣ ਕਰਕੇ ਇਹ ਪ੍ਰਾਜੈਕਟ ਚਾਲੂ ਨਹੀਂ ਹੋ ਸਕਿਆ ਅਤੇ ਜਿਨ੍ਹਾਂ ਇਮਾਰਤਾਂ ਦੀ ਬੋਲੀ ਹੋ ਗਈ ਸੀ, ਉਨ੍ਹਾਂ ਦੇ ਮਾਲਕਾਂ ਨਾਲ ਕੰਟਰੈਕਟ ਸਾਈਨ ਹੋ ਗਏ ਹਨ |
ਕੀ ਕਹਿਣਾ ਹੈ ਬੀ.ਡੀ.ਪੀ.ਓ. ਦਾ-
ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ ਰਾਜਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਰਿਜ਼ਰਵ ਕੀਮਤ ਜ਼ਿਆਦਾ ਹੋਣ ਦੀ ਗੱਲ ਕਹੀ ਅਤੇ ਭਰੋਸਾ ਦਵਾਇਆ ਕਿ ਜਲਦ ਨਵੀਂ ਬੋਲੀ ਕਰਵਾ ਕੇ ਇਹ ਪ੍ਰੋਜੈਕਟ ਜਨਤਾ ਦੇ ਸਪੁਰਦ ਕੀਤਾ ਜਾਵੇਗਾ |
ਕੀ ਕਹਿਣਾ ਹੈ ਕਲੱਸਟਰ ਮੈਨੇਜਰ ਦਾ-
ਜਦੋਂ ਇਸ ਸੰਬੰਧੀ ਧਾਂਦਰਾ ਕਲਸਟਰ ਦੇ ਮੈਨੇਜਰ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਧਾਂਦਰਾ ਸੜਕ ਸਥਿਤ 14 ਕਮਰਸ਼ੀਅਲ ਦੁਕਾਨਾਂ, ਫੂਡ ਪ੍ਰੋਸੈਸਿੰਗ ਯੂਨਿਟ ਦੀ ਬੋਲੀ ਹੋ ਚੁੱਕੀ ਅਤੇ ਹੁਣ ਧਾਂਦਰਾ ਕਲੱਸਟਰ ਕਮੇਟੀ ਦੀ 11 ਮਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਅਗਲੀ ਬੋਲੀ ਦੀ ਮਿਤੀ ਤੈਅ ਕੀਤੀ ਜਾਵੇਗੀ |
ਕੀ ਕਹਿਣਾ ਹੈ ਸਰਪੰਚ ਦਾ-
ਜਦੋਂ ਧਾਂਦਰਾ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਚਾਲੂ ਨਾ ਹੋਣ ਕਰਕੇ ਪਿੰਡ ਦੀ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ | ਪੈਲੇਸ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਕੀਮਤੀ ਸਾਮਾਨ ਚੋਰੀ ਹੋਣ ਕਰਕੇ ਵੱਡਾ ਨੁਕਸਾਨ ਵੀ ਹੋਇਆ ਹੈ | ਉਹ ਤਾਂ ਹੁਣ ਇਸੇ ਆਸ ਵਿਚ ਹਨ ਕਿ ਉਨ੍ਹਾਂ ਵਲੋਂ ਕੀਤੀ ਮਿਹਨਤ ਨੂੰ ਆਖਰ ਬੂਰ ਕਦੋਂ ਪੈਂਦਾ ਹੈ?

ਪਿਛਲੀ ਖ਼ਬਰ ਟੀ.ਡੀ.ਐਸ. ਰਿਟਰਨ ਹੁਣ ਨਵੇਂ ਫਾਰਮ 'ਤੇ ਭਰੀ ਜਾਵੇਗੀ <br/> ਅਗਲੀ ਖ਼ਬਰ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸਮਰਪਿਤ ਸੰਗੀਤਕ ਸ਼ਾਮ 'ਸ਼ਮ੍ਹਾਂਦਾਨ' ਯਾਦਗਾਰੀ ਹੋ ਨਿੱਬੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।