ਲੁਧਿਆਣਾ, 11 ਮਈ (ਜਸਵਿੰਦਰ ਸਿੰਘ)-ਡਿਸਟਿ੍ਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ (ਡਾਇਰੈਕਟ ਟੈਕਸੇਜ਼) ਵਲੋਂ ਆਮਦਨ ਕਰ ਭਵਨ, ਰਿਸ਼ੀ ਨਗਰ 'ਚ ਟੀ.ਡੀ.ਐਸ. ਅਤੇ ਟੀ.ਸੀ.ਐਸ. ਵਿਸ਼ੇ 'ਤੇ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ | ਸੈਮੀਨਾਰ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸੀ.ਏ. ਰਾਜੀਵ ਕੌਸ਼ਲ ਨੇ ਕੀਤੀ, ਜਦਕਿ ਮੰਚ ਸੰਚਾਲਨ ਜੁਆਇੰਟ ਸਕੱਤਰ ਦਿਕਸ਼ਤ ਕਪੂਰ ਵਲੋਂ ਕੀਤਾ ਗਿਆ | ਸੈਮੀਨਾਰ ਦੌਰਾਨ ਮੁੱਖ ਵਕਤਾ ਸੀ.ਏ. ਮੰਤੋਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਟੈਕਸ ਡਿਡਕਸ਼ਨ ਐਟ ਸੋਰਸ (ਟੀਡੀਐਸ) ਰਿਟਰਨ ਹੁਣ ਨਵੇਂ ਫਾਰਮ 'ਤੇ ਭਰਨੀ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਕੋਡ ਨੰਬਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਭਰਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਨਾ ਹੋਵੇ ਅਤੇ ਟੈਕਸ ਕੰਪਲਾਇਅੰਸ ਸਹੀ ਤਰੀਕੇ ਨਾਲ ਹੋ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਅੱਜ-ਕੱਲ੍ਹ ਦੇ ਟੈਕਸ ਕੰਪਲਾਇਅੰਸ ਵਿੱਚ ਟੀਡੀਐਸ ਅਤੇ ਟੀਸੀਐਸ ਦੀ ਮਹੱਤਤਾ ਕਾਫੀ ਵੱਧ ਗਈ ਹੈ | ਸਾਨੂੰ ਇਹ ਸਮਝਣਾ ਜਰੂਰੀ ਹੈ ਕਿ ਇਹ ਟੈਕਸ ਤਨਖਾਹ, ਕਮਿਸ਼ਨ, ਕਿਰਾਇਆ, ਵਿਆਜ, ਪ੍ਰੋਫੈਸ਼ਨਲ ਭੁਗਤਾਨ ਆਦਿ ਸਰੋਤਾਂ ਤੋਂ ਕਿਵੇਂ ਕਟੇ ਜਾਂਦੇ ਹਨ ਅਤੇ ਕਿਵੇਂ ਇਹ ਟੈਕਸ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ | ਇਸੇ ਤਰ੍ਹਾਂ ਦੂਜੇ ਮੁੱਖ ਵਕਤਾ ਸੀਏ ਜਸਪ੍ਰੀਤ ਕੌਰ ਨੇ ਟੀਡੀਐਸ ਅਤੇ ਟੀਸੀਐਸ ਦੇ ਨਵੇਂ ਪ੍ਰਾਵਧਾਨਾਂ ਅਤੇ ਉਨ੍ਹਾਂ ਦੀ ਪਾਲਣਾ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਐਸੋਸੀਏਸ਼ਨ ਦੇ ਪ੍ਰਧਾਨ ਸੀਏ ਰਾਜੀਵ ਕੌਸ਼ਲ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਟੈਕਸ ਪ੍ਰੋਫੈਸ਼ਨਲਜ਼ ਨੂੰ ਟੀਡੀਐਸ ਪ੍ਰਕਿਰਿਆ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਾ ਅਤੇ ਨਵੇਂ ਕਾਨੂੰਨੀ ਪ੍ਰਾਵਧਾਨਾਂ ਨਾਲ ਅਵਗਤ ਕਰਵਾਉਣਾ ਹੈ | ਇਸ ਮੌਕੇ ਉਪ ਪ੍ਰਧਾਨ ਵਰੁਣ ਗਰਗ, ਸਾਕਸ਼ੀ ਮਹਾਜਨ, ਜੁਆਇੰਟ ਸਕੱਤਰ ਦਿਕਸ਼ਤ ਕਪੂਰ, ਐਡਵੋਕੇਟ ਜਤਿੰਦਰ ਖੁਰਾਨਾ, ਮੋਹਿਤ ਗੁਪਤਾ, ਜਸਪ੍ਰੀਤ ਕੌਰ, ਐਚ.ਐਸ. ਨਿੱਜਰ, ਗੁਰਜੋਤ ਸਿੰਘ, ਅਮਰਜੀਤ ਕਮਬੋਜ, ਦਿਨੇਸ਼ ਸ਼ਰਮਾ, ਅਰਵਿੰਦਰ ਸਿੰਘ, ਐਚ.ਕੇ. ਅਨੇਜਾ, ਸੁਭਾਸ਼ ਜੈਨ ਆਦਿ ਹਾਜ਼ਰ ਸਨ |